ਕੈਲੀਫੋਰਨੀਆ – ਅਮਰੀਕਾ ਇੱਕ ਵਿਸ਼ਾਲ ਅਤੇ ਭਿੰਨਤਾਵਾਂ ਵਾਲਾ ਦੇਸ਼ ਹੈ। ਇੱਥੇ ਸੰਸਾਰ ਭਰ ਵਿੱਚੋਂ ਹਰ ਵਰਗ, ਧਰਮ, ਜਾਤ ਅਤੇ ਰੰਗ ਦੇ ਲੋਕ ਚੰਗੀ ਜਿੰਦਗੀ ਦੀ ਆਸ ਵਿੱਚ ਰਹਿੰਦੇ ਹਨ।ਪਰ ਕੁੱਝ ਸਮੇਂ ਤੋਂ ਅਮਰੀਕਾ ਵਿੱਚ ਏਸ਼ੀਅਨ ਭਾਈਚਾਰੇ ਦੇ ਲੋਕਾਂ ਉੱਪਰ ਨਫਰਤੀ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਕਈ ਥਾਵਾਂ ਤੇ ਤਾਂ ਹੋਈ ਗੋਲੀਬਾਰੀ ਵਿੱਚ ਏਸ਼ੀਅਨ ਲੋਕਾਂ ਦੀ ਮੌਤ ਵੀ ਹੋਈ ਹੈ। ਇਸੇ ਸੰਬੰਧ ਵਿੱਚ ਪਿਛਲੇ ਹਫਤੇ ਐਟਲਾਂਟਾ ਵਿੱਚ ਹੋਈ ਗੋਲੀਬਾਰੀ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚੋਂ ਛੇ ਏਸ਼ੀਅਨ ਮੂਲ ਦੀਆਂ ਔਰਤਾਂ ਸਨ, ਤੋਂ ਬਾਅਦ ਸੈਂਕੜੇ ਲੋਕ ਏਸ਼ੀਅਨ ਅਮਰੀਕੀ ਅਤੇ ਪੈਸੀਫਿਕ ਆਈਸਲੈਂਡਰਜ਼ ਪ੍ਰਤੀ ਹਿੰਸਾ ਵਿਰੁੱਧ ਪ੍ਰਦਰਸ਼ਨ ਕਰਨ ਲਈ ਹਫਤੇ ਦੇ ਅਖੀਰ ਵਿੱਚ ਸੜਕਾਂ ਤੇ ਉੱਤਰ ਆਏ। ਦੇਸ਼ ਭਰ ਦੇ ਪ੍ਰਮੁੱਖ ਸ਼ਹਿਰ ਜਿਨ੍ਹਾਂ ਵਿੱਚ ਨਿਊਯਾਰਕ, ਵਾਸ਼ਿੰਗਟਨ, ਸ਼ਿਕਾਗੋ, ਸਾਨ ਫਰਾਂਸਿਸਕੋ ਅਤੇ ਓਕਲਾਹੋਮਾ ਆਦਿ ਸ਼ਾਮਿਲ ਹਨ, ਵਿੱਚ ਸੈਂਕੜੇ ਲੋਕ ਹਿੰਸਕ ਘਟਨਾਵਾਂ ਵਿਰੁੱਧ ਰੈਲੀਆਂ ਕੱਢਣ ਲਈ ਇਕੱਠੇ ਹੋਏ। ਕੋਰੋਨਾ ਮਹਾਂਮਾਰੀ ਦੌਰਾਨ ਏਸ਼ੀਅਨ ਅਮਰੀਕੀਆਂ ਅਤੇ ਪ੍ਰਸ਼ਾਂਤ ਆਈਸਲੈਂਡਰਜ਼ ਵਿਰੁੱਧ ਦੇਸ਼ ਭਰ ਵਿੱਚ ਹਿੰਸਾ ‘ਚ ਇੱਕ ਮਹੱਤਵਪੂਰਣ ਵਾਧਾ ਹੋਇਆ ਹੈ, ਜਿਸ ਵਿੱਚ ਆਨਲਾਈਨ ਪਰੇਸ਼ਾਨੀ ਵਿੱਚ 6% ਵਾਧਾ ਸ਼ਾਮਿਲ ਹੈ।ਹਿੰਸਕ ਘਟਨਾਵਾਂ ਦੀ ਇੱਕ ਤਾਜ਼ਾ ਘਟਨਾ ਵਿੱਚ, ਸਾਨ ਫਰਾਂਸਿਸਕੋ ਦੀਆਂ ਗਲੀਆਂ ਵਿੱਚ ਇੱਕ 75 ਸਾਲਾਂ ਦੀ ਏਸ਼ੀਅਨ ਔਰਤ ਤੇ ਇੱਕ ਆਦਮੀ ਦੁਆਰਾ ਹਮਲਾ ਕੀਤਾ ਗਿਆ। ਸ਼ਨੀਵਾਰ ਨੂੰ ਇੰਡੀਆਨਾਪੋਲਿਸ ਵਿੱਚ ਮਾਰਚ ਕਰਨ ਵਾਲੀ ਲਿੰਗ ਲਿਊ ਅਨੁਸਾਰ ਨੇ ਉਹ ਅਮਰੀਕੀ ਹਨ ਅਤੇ ਆਪਣੇ ਭਾਈਚਾਰੇ ਨੂੰ ਪਿਆਰ ਕਰਦੇ ਹਨ, ਇਸ ਲਈ ਕਿਸੇ ਨਾਲ ਹਿੰਸਾ ਨਹੀਂ ਚਾਹੁੰਦੇ।