ਪੁਣੇ – ਭਾਰਤ ਨੇ ਅੱਜ ਇੱਥੇ ਇੰਗਲੈਂਡ ਨੂੰ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਸੱਤ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਤੇ 2-1 ਨਾਲ ਕਬਜ਼ਾ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 330 ਦੌੜਾਂ ਦਾ ਟੀਚਾ ਦਿੱਤਾ। ਇਸ ਵਿੱਚ ਰੋਹਿਤ ਸ਼ਰਮਾ ਨੇ 37, ਸ਼ਿਖਰ ਧਵਨ ਨੇ 67, ਰਿਸ਼ਭ ਪੰਤ ਨੇ 78, ਹਾਰਦਿਕ ਪਾਂਡਿਆ ਨੇ 64, ਕਰੁਨਾਲ ਪਾਂਡਿਆ ਨੇ 25 ਤੇ ਸ਼ਰਦੁਲ ਠਾਕੁਰ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਲਈ ਮਾਰਕ ਵੁੱਡ ਨੇ ਤਿੰਨ ਅਤੇ ਆਦਿਲ ਰਾਸ਼ਿਦ ਨੇ ਦੋ ਵਿਕਟ ਲਈਆਂ। 330 ਦੌੜਾਂ ਦਾ ਟੀਚਾ ਪੂਰਾ ਕਰਨ ਉੱਤਰੀ ਇੰਗਲੈਂਡ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। ਬੇਨ ਸਟੋਕਸ (35), ਡੇਵਿਡ ਮਲਾਨ (50) ਅਤੇ ਲਿਵਿੰਗਸਟੋਨ (36) ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਗੇਂਦਬਾਜ਼ ਥੋੜੇ-ਥੋੜੇ ਅੰਤਰਾਲ ਬਾਅਦ ਇੰਗਲੈਂਡ ਦੀਆਂ ਵਿਕਟਾਂ ਲੈਂਦੇ ਰਹੇ। ਅੰਤ ਵਿੱਚ ਸੈਮ ਕੁਰਨ ਦੀ ਨਾਬਾਦ 95 ਦੌੜਾਂ ਦੀ ਪਾਰੀ ਟੀਮ ਦੇ ਕੰਮ ਨਾ ਆਈ ਅਤੇ ਇੰਗਲੈਂਡ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ ਸਿਰਫ 322 ਦੌੜਾਂ ਹੀ ਬਣਾ ਸਕਿਆ। ਭਾਰਤ ਲਈ ਸ਼ਰਦੁਲ ਠਾਕੁਰ ਨੇ ਚਾਰ, ਭੁਵਨੇਸ਼ਵਰ ਕੁਮਾਰ ਨੇ ਤਿੰਨ ਅਤੇ ਟੀ ਨਟਰਾਜਨ ਨੇ ਇੱਕ ਵਿਕਟ ਲਈ।