ਬਠਿੰਡਾ, 5 ਜੂਨ 2020 – ਬਠਿੰਡਾ ਜ਼ਿਲ੍ਹੇ ਵਿਚ ਕੋਵਿਡ-19 ਦਾ ਇਕ ਹੋਰ ਪਾਜ਼ੀਟਿਵ ਕੇਸ ਅੱਜ ਸਾਹਮਣੇ ਆਇਆ ਹੈ। ਜ਼ਿਲ੍ਹੇ ਵਿਚ ਹੁਣ ਤੱਕ ਪਾਜ਼ੀਟਿਵ ਆਏ ਕੁੱਲ ਕੇਸਾਂ ਦੀ ਗਿਣਤੀ 60 ਹੋ ਗਈ ਹੈ। ਇਨ੍ਹਾਂ ਵਿਚੋਂ 50 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ 10 ਕੇਸ ਐਕਟਿਵ ਹਨ ਜਦੋਂ ਕਿ ਜ਼ਿਲ੍ਹੇ ਵਿਚ ਕੋਈ ਮੌਤ ਨਹੀਂ ਹੋਈ ਹੈ। ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਅੱਜ ਜੋ ਕੇਸ ਪਾਜ਼ੀਟਿਵ ਆਇਆ ਹੈ ਉਹ ਪਹਿਲਾਂ ਤੋਂ ਪਾਜ਼ੀਟਿਵ ਕੇਸ ਦੇ ਸੰਪਰਕਾਂ ਵਿੱਚੋਂ ਸੀ। ਉਸਦੀ ਉਮਰ 10 ਸਾਲ ਹੈ ਅਤੇ ਲੜਕੀ ਹੈ। ਉਹ ਰਾਮਪੁਰਾ ਤਹਿਸੀਲ ਨਾਲ ਸਬੰਧਤ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨਾਂ ਅੱਜ 102 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।
ਓਧਰ ਲਗਾਤਾਰ ਆ ਰਹੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਕਾਰਨ ਸਿਹਤ ਵਿਭਾਗ ਤੇ ਜਿਲ੍ਹਾ ਪ੍ਰਸ਼ਾਸਨ ਦੇ ਫਿਕਰ ਵਧ ਗਏ ਹਨ। ਰੋਜ਼ਾਨਾ ਇਕ ਜਾਂ ਦੋ ਮਰੀਜ਼ਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਰਿਪੋਰਟ ਆ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਇਨ੍ਹਾਂ ‘ਚੋਂ ਜ਼ਿਆਦਾਤਰ ਮਰੀਜ਼ ਠੀਕ ਹੋ ਕੇ ਵੀ ਜਾ ਰਹੇ ਹਨ ਫਿਰ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਵਕਤ ਮੁਸਤੈਦ ਰਹਿਣਾ ਪੈ ਰਿਹਾ ਹੈ। ਗੌਰਤਲਬ ਹੈ ਕਿ ਸ੍ਰੀਗੰਗਾਨਗਰ ਤੋਂ ਪਰਤੇ ਇਕ ਹੀ ਘਰ ਦੇ ਲੱਗਪਗ 3 ਜਣੇ ਕੋਰੋਨਾ ਵਾਇਰਸ ਤੋਂ ਪੀੜਤ ਸਾਹਾਮਣੇ ਆਏ ਸਨ। ਰਾਹਤ ਵਾਲੀ ਗੱਲ ਹੈ ਕਿ ਕੱਲ ਪੀੜਤ ਮਰੀਜ਼ਾਂ ਚੋਂ ਤਿੰਨ ਮਰੀਜ ਠੀਕ ਵੀ ਹੋਏ ਹਨ।
ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੋਰੋਨਾ ਤੋਂ ਬਚਣ ਲਈ ਆਪਣਾ ਮੂੰਹ ਮਾਸਕ ਨਾਲ ਢੱਕਣ ਤੇ ਆਪਣੇ ਹੱਥਾਂ ਨੂੰ ਵਾਰ ਵਾਰ ਧੋਇਆ ਜਾਵੇ। ਅਜਿਹਾ ਨਾ ਕਰਨ ‘ਤੇ ਪੁਲਿਸ ਨੇ ਸਖ਼ਤੀ ਵਧਾ ਦਿੱਤੀ ਹੈ ਅਤੇ ਟ੍ਰੈਫ਼ਿਕ ਪੁਲਿਸ ਵੱਲੋਂ ਵੱਡੀ ਗਿਣਤੀ ’ਚ ਲੋਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਦੋਂ ਬਹੁਤ ਜਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਜਾਓ, ਛੋਟੇ ਬੱਚੇ ਅਤੇ ਬਜੁਗਰ ਬਿਲਕੁਲ ਘਰ ਤੋਂ ਬਾਹਰ ਨਾ ਜਾਣ, ਮਾਸਕ ਪਹਿਨੋ ਅਤੇ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇ।