ਸਰੀ, 5 ਜੂਨ 2020- ਓਨਟਾਰੀਓ ਸਰਕਾਰ ਵੱਲੋਂ ਸਾਬਕਾ ਫੈਡਰਲ ਕੈਬਨਿਟ ਮੰਤਰੀ ਡਾ. ਜੇਨ ਫਿਲਪੌਟ ਨੂੰ ਓਨਟਾਰੀਓ ਹੈਲਥ ਡਾਟਾ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਡਾ. ਫਿਲਪੌਟ,ਸੂਬੇ ਦੇ ਨਵੇਂ ਸਿਹਤ-ਡਾਟਾ ਪਲੇਟਫਾਰਮ ਨੂੰ ਡਿਜ਼ਾਈਨ ਕਰਨ ਅਤੇ ਲਾਗੂ ਕਰਨ ਵਿਚ ਸਹਾਇਤਾ ਕਰੇਗੀ। ਉਨ੍ਹਾਂ ਦੇ ਅਹੁਦੇ ਦੀ ਮਿਆਦ ਦੋ ਸਾਲ ਲਈ ਹੋਵੇਗੀ। ਸਰਕਾਰ ਵੱਲੋਂ ਇਹ ਪਲੇਟਫਾਰਮ ਜੁਲਾਈ 2020 ਵਿਚ ਲਾਂਚ ਕਰਨ ਦੀ ਸੰਭਾਵਨਾ ਹੈ।
ਸੂਬਾ ਸਰਕਾਰ ਅਨੁਸਾਰ ਇਹ ਪਲੇਟਫਾਰਮ ਖੋਜਕਰਤਾਵਾਂ ਅਤੇ ਸਿਹਤ ਪ੍ਰਣਾਲੀ ਦੇ ਕਰਮਚਾਰੀਆਂ ਦੀ ਸਹਾਇਤਾ ਕਰੇਗਾ ਜੋ ਅਜੇ ਤੱਕ ਅਗਿਆਤ ਡੇਟਾ ਉਪਰ ਨਿਰਭਰ ਹਨ। ਪਲੇਟਫਾਰਮ ੳਨੋਂ ਹਾਸਲ ਕੀਤੀ ਜਾਣਕਾਰੀ ਦੀ ਵਰਤੋਂ ਕੋਵਿਡ -19 ਮਹਾਂਮਾਰੀ ਦੀ ਖੋਜ ਕਾਰਜਾਂ ਲਈ ਮਦਦ ਕਰਨ ਵਾਸਤੇ ਕੀਤੀ ਜਾਏਗੀ।
ਜ਼ਿਕਰਯੋਗ ਹੈ ਕਿ ਫੈਮਿਲੀ ਡਾਕਟਰ ਜੇਨ ਫਿਲਪੌਟ ਜਸਟਿਨ ਟਰੂਡੋ ਸਰਕਾਰ ਵਿੱਚ ਸਾਬਕਾ ਸਿਹਤ ਮੰਤਰੀ ਰਹਿ ਚੁੱਕੇ ਹਨ। ਡਾ. ਫਿਲਪੌਟ ਨੇ ਡਾਟਾ ਪਲੇਟਫਾਰਮ ਨੂੰ ਅਹਿਮ ਪੇਸ਼ਕਦਮੀ ਦਸਦਿਆਂ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਸਮਾਜਿਕ-ਆਰਥਿਕ ਅਤੇ ਨਸਲੀ ਪ੍ਰਭਾਵ ਬਾਰੇ ਹੋਰ ਅਧਿਐਨ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮਹਾਂਮਾਰੀ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਇਕ ਥਾਂ ਉੱਤੇ ਇਕੱਤਰ ਕਰਨਾ ਬੇਹੱਦ ਜ਼ਰੂਰੀ ਹੈ।