ਪਟਿਆਲਾ, 17 ਜੂਨ 2023 – ਸਰਕਾਰੀ ਮਹਿੰਦਰਾ ਕਾਲਜ ਦਾ ਸੈਸ਼ਨ 2023-24 ਲਈ ਰੈਗੂਲਰ ਕੋਰਸਾਂ ਦਾ ਪ੍ਰਾਸਪੈਕਸ, ਅੱਜ ਡਾਇਰੈਕਟਰ, ਮੀਡੀਆ ਰਿਲੇਸ਼ਨਜ਼, ਮੁੱਖ ਮੰਤਰੀ ਪੰਜਾਬ ਬਲਤੇਜ ਪੰਨੂ ਨੇ ਜਾਰੀ ਕੀਤਾ। ਇਸ ਮੌਕੇ ਬਲਤੇਜ ਪੰਨੂ ਨੇ ਸਰਕਾਰੀ ਮਹਿੰਦਰਾ ਕਾਲਜ ਨੂੰ ਦੇਸ਼ ਦੀ ਇੱਕ ਸ਼ਾਨਦਾਰ ਵਿੱਦਿਅਕ ਸੰਸਥਾ ਦੱਸਦਿਆਂ ਅਤੇ ਇਸ ਵੱਲੋਂ ਉੱਚ-ਸਿੱਖਿਆ ਦੇ ਪ੍ਰਸਾਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਆਪਣੀ ਵਚਨਬੱਧਤਾ ਨਿਭਾ ਰਹੇ ਹਨ।
ਬਲਤੇਜ ਪੰਨੂ ਨੇ ਕਾਲਜ ਕੈਂਪਸ ਅੰਦਰ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਵੀ ਲਗਾਏ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਕਾਲਜ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਦੱਸਿਆ ਕਿ ਪ੍ਰਾਸਪੈਕਟਸ ਵਿੱਚ ਵਿੱਦਿਅਕ ਗਤੀਵਿਧੀਆਂ, ਦਾਖਲਾ ਪ੍ਰੀਕਿਰਿਆ, ਫੀਸਾਂ, ਵਜ਼ੀਫੇ, ਮੈਡਲ ਆਦਿ ਸੰਬੰਧੀ ਮੁਕੰਮਲ ਵੇਰਵੇ ਦਿੱਤੇ ਗਏ ਹਨ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਪ੍ਰਾਸਪੈਕਟਸ ਕਾਲਜ ਦੀ ਵੈੱਬਸਾਈਟ ਤੇ ਵੀ ਉਪਲੱਬਧ ਹੈ।