ਫਾਜ਼ਿਲਕਾ, 5 ਜੂਨ 2020 – ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਦੇ ਕਾਰਨ ਕਣਕ ਦੇ 4 ਲੱਖ ਗੱਟੇ ਮੀਂਹ ਅਤੇ ਧੁੱਪ ਨਾਲ ਗਲਣ ਸੜਨ ਲੱਗੇ ਹਨ। ਪਰ ਪ੍ਰਸ਼ਾਸਨ ਵਲੋਂ ਇਨ੍ਹਾਂ ਅਨਾਜ ਦੀਆਂ ਬੋਰੀਆਂ ਦੀ ਲਿਫਟਿੰਗ ਨਹੀਂ ਕਰਵਾਈ ਜਾ ਰਹੀ ਕਾਰਨ ਹੈ। ਕਿਉਂਕਿ ਜਿਸ ਗੁਦਾਮ ਵਿੱਚ ਇਹ ਅਨਾਜ ਸਟੋਰ ਕੀਤਾ ਜਾਣਾ ਹੈ ਉਹ ਹੁਣ ਤੱਕ ਬਣਕੇ ਤਿਆਰ ਨਹੀਂ ਹੋਇਆ। ਜਿਸਦੇ ਕਾਰਨ ਅਨਾਜ ਖੁੱਲ੍ਹੇ ਅਸਮਾਨ ਥੱਲੇ ਕਦੇ ਤਪਦੀ ਧੁੱਪ ਅਤੇ ਕਦੇ ਮੀਂਹ ਆਉਣ ਨਾਲ ਲਗਾਤਾਰ ਖ਼ਰਾਬ ਹੋ ਰਿਹਾ ਹੈ। ਪਰ ਪ੍ਰਸ਼ਾਸਨ ਨੂੰ ਇਸਦੀ ਕੋਈ ਪਰਵਾਹ ਨਹੀਂ। ਪਰ ਆੜਤੀ ਲੋਕ ਲਿਫਟਿੰਗ ਨਾ ਹੋਣ ਦੇ ਕਾਰਨ ਪਰੇਸ਼ਾਨ ਵਿਖਾਈ ਦੇ ਰਹੇ ਹਨ ਕਿਉਂਕਿ ਖੁੱਲ੍ਹੇ ਅਸਮਾਨ ਥੱਲੇ ਪਿਆ ਅਨਾਜ ਰੋਜ਼ਾਨਾ ਚੋਰੀ ਹੋ ਰਿਹਾ ਹੈ ਅਤੇ ਜੋ ਅਨਾਜ ਗਲ-ਸੜ ਕੇ ਖ਼ਰਾਬ ਹੋ ਰਿਹਾ ਹੈ ਉਸਦਾ ਹਰਜਾਨਾ ਆੜਤੀਆ ਕੋਲੋਂ ਲਏ ਜਾਣ ਦੇ ਕਾਰਨ ਆੜਤੀ ਪ੍ਰੇਸ਼ਾਨ ਹਨ।
ਫਾਜ਼ਿਲਕਾ ਆੜਤੀ ਯੂਨੀਅਨ ਦੇ ਪ੍ਰਧਾਨ ਓਮ ਸੇਤੀਆ ਨੇ ਦੱਸਿਆ ਕਿ ਜਿੱਥੇ ਇਹ ਅਨਾਜ ਸਟੋਰ ਕੀਤਾ ਜਾਣਾ ਹੈ ਉਹ ਪਨਗਰੇਨ ਗੁਦਾਮ ਅਜੇ ਬਣਕੇ ਤਿਆਰ ਨਹੀਂ ਹੋਇਆ। ਜਿਸਦੇ ਕਾਰਨ ਲਿਫਟਿੰਗ ਨਹੀਂ ਹੋ ਪਾ ਰਹੀ। ਅਸੀਂ ਜਿਲ੍ਹੇ ਦੇ ਸਾਰੇ ਅਧਿਕਾਰੀਆਂ ਨੂੰ ਮਿਲਕੇ ਇਸ ਅਨਾਜ ਨੂੰ ਲਿਫਟ ਕਰਵਾਉਣ ਦੀ ਮੰਗ ਕੀਤੀ ਹੈ। ਜੇਕਰ ਇਸ ਅਨਾਜ ਵਿੱਚ ਖੋਟ ਆਉਂਦੀ ਹੈ ਤਾਂ ਉਹ ਆੜਤੀਆ ਕੋਲੋਂ ਵਸੂਲ ਕੀਤੀ ਜਾਵੇਗੀ ਜਦੋਂ ਕਿ ਪਿਛਲੇ ਡੇਢ ਮਹੀਨੇ ਤੋਂ ਸਰਕਾਰ ਦੁਆਰਾ ਲਿਫਟਿੰਗ ਨਹੀਂ ਕਰਵਾਈ ਜਾ ਰਹੀ।
ਉੱਥੇ ਹੀ ਮੰਡੀਆਂ ਵਿੱਚ ਲਿਫਟਿੰਗ ਕਰਨ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਲਿਫਟਿੰਗ ਨਾ ਹੋਣ ਦੇ ਕਾਰਨ ਉਹ ਵੀ ਬੇਰੁਜ਼ਗਾਰ ਹੋ ਰਹੇ ਹਣ ਪਿਛਲੇ ਡੇਢ ਮਹੀਨੇ ਤੋਂ ਮੰਡੀ ਵਿੱਚ ਪਈ ਇਹ ਕਣਕ ਦੀਆਂ ਬੋਰੀਆਂ ਸਰਕਾਰ ਵਲੋਂ ਨਹੀਂ ਚੁੱਕੀਆ ਜਾ ਰਹੀਆ।
ਉੱਥੇ ਹੀ ਇਸ ਸੰਬੰਧੀ ਫਾਜ਼ਿਲਕਾ ਦੇ ਡੀ.ਸੀ. ਅਰਵਿੰਦ ਪਲ ਸਿੰਘ ਨੇ ਦੱਸਿਆ ਕਿ ਇਸ ਅਨਾਜ ਨੂੰ ਸਟੋਰ ਕਰਨ ਲਈ ਗੁਦਾਮ ਬਣਾਇਆ ਗਿਆ ਸੀ ਅਤੇ ਉਹ ਬਣਕੇ ਤਿਆਰ ਹੋ ਗਿਆ ਹੈ ਅਤੇ ਜਲਦ ਹੀ ਲਿਫਟਿੰਗ ਸ਼ੁਰੂ ਕਰਵਾਈ ਜਾਵੇਗੀ। ਮੰਡੀਆਂ ਵਿੱਚ ਖ਼ਰਾਬ ਹੋ ਰਹੀ ਫਸਲ ਦੇ ਸਵਾਲ ਉੱਤੇ ਡੀ.ਸੀ. ਆੜਤੀਆਂ ਅਤੇ ਕਿਸਾਨਾਂ ਨੂੰ ਕਣਕ ਢੱਕ ਕੇ ਰੱਖਣ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜਦੇ ਨਜ਼ਰ ਆ ਰਹੇ ਹਨ ਜਦ ਕਿ ਮੰਡੀਆਂ ਵਿੱਚ ਅਨਾਜ ਖ਼ਰਾਬ ਹੁੰਦਾ ਸਾਫ਼ ਨਜ਼ਰ ਆ ਰਿਹਾ ਹੈ।