ਬੰਗਾ, 16 ਮਈ 2024 – ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 30 ਲੱਖ ਰੁਪਏ ਲਾਗਤ ਵਾਲੀ ਲਿਫ਼ਟ ਦਾ ਉਦਘਾਟਨ ਕੀਤਾ ਗਿਆ । ਇਹ ਉਦਘਾਟਨੀ ਰਸਮ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ । ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਇਹ ਰਸਮ ਨਿਭਾਈ । ਉਹਨਾਂ ਨੇ ਮਨੁੱਖਤਾ ਦੀ ਸੇਵਾ ਹਿੱਤ ਹਸਪਤਾਲ ਵਿਖੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਭਰਪੂਰ ਸ਼ਲਾਘਾ ਕੀਤੀ । ਸ. ਹਰਜਿੰਦਰ ਸਿੰਘ ਧਾਮੀ ਵੱਲੋਂ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਗਿਆ ਅਤੇ ਟਰੱਸਟ ਨੂੰ ਸਮਾਜ ਸੇਵਾ ਦੇ ਇਸ ਕਾਰਜ ਰਾਹੀਂ ਭੂਮਿਕਾ ਨਿਭਾਉਣ ਲਈ ਵਧਾਈ ਵੀ ਦਿੱਤੀ । ਉਹਨਾਂ ਵਾਅਦਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ੁੱਭ ਕਾਮਨਾਵਾਂ ਹਮੇਸ਼ਾਂ ਇਸ ਅਦਾਰੇ ਨਾਲ ਹਨ ।
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਟਰੱਸਟ ਦੇ ਨੁਮਾਇੰਦਿਆਂ ਵਲੋਂ ਉਹਨਾਂ ਨਾਲ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਮਿਲਦੀਆਂ ਸਹੂਲਤਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਹਸਪਤਾਲ ਦੇ ਮਰੀਜ਼ਾਂ ਦੀ ਸਹੂਲਤ ਲਈ ਇਹ ਆਧੁਨਿਕ ਲਿਫਟ ਹਸਪਤਾਲ ਵਿਚ ਲਗਾਈ ਗਈ ਹੈ, ਜਿਸ ਨਾਲ ਹਸਪਤਾਲ ਦੀ ਤੀਜੀ ਮੰਜ਼ਿਲ ਦੇ ਡੀਲਕਸ ਵਾਰਡ, ਮੈਡੀਸਨ ਵਾਰਡਾਂ ਅਤੇ ਦੂਜੀ ਮੰਜ਼ਿਲ ‘ਤੇ ਸਥਾਪਿਤ ਚਾਰ ਅਪਰੇਸ਼ਨ ਥੀਏਟਰਾਂ ਤੋਂ ਇਲਾਵਾ ਐਚ. ਡੀ. ਯੂ. ਵਾਰਡ, ਸਰਜਰੀ ਵਾਰਡ, ਸੈਮੀ ਡੀਲਕਸ ਨਿਊਰੋ ਸਰਜਰੀ ਵਾਰਡ ਅਤੇ ਪ੍ਰਾਈਵੇਟ ਰੂਮਾਂ ਵਿਚ ਬਿਮਾਰ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਦਾ ਆਣ-ਜਾਣਾ ਸੌਖਾ ਹੋਵੇਗਾ । ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿੰਤਸਰ ਸਾਹਿਬ ਨੇ ਹਸਪਤਾਲ ਵਿਚ ਲਿਫਟ ਦੀ ਸਹੂਲਤ ਸ਼ੁਰੂ ਕਰਨ ਤੇ ਵਧਾਈਆਂ ਦਿੱਤੀਆਂ । ਇਸ ਮੌਕੇ ਟਰੱਸਟ ਦੇ ਸਕੱਤਰ ਅਮਰਜੀਤ ਸਿੰਘ ਕਲੇਰਾਂ, ਐਜੂਕੇਸ਼ਨਲ ਡਾਇਰੈਕਟਰ ਪ੍ਰੋ. ਹਰਬੰਸ ਸਿੰਘ ਬੋਲੀਨਾ, ਪ੍ਰਿੰਸੀਪਲ ਵਨੀਤਾ ਚੋਟ, ਨਰਸਿੰਗ ਸੁਪਰਡੈਂਟ ਦਵਿੰਦਰ ਕੌਰ, ਦਫਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਵਾਈਸ ਪ੍ਰਿੰਸੀਪਲ ਰਮਨਦੀਪ ਕੌਰ, ਪ੍ਰੌਫੈਸਰ ਸੁਖਮਿੰਦਰ ਕੌਰ, ਵਾਈਸ ਪ੍ਰਿੰਸੀਪਲ ਰਾਜਦੀਪ ਥਿਥਵਾਰ, ਇੰਜੀ: ਭੁਪਿੰਦਰ ਸਿੰਘ, ਹਰਦੀਪ ਸਿੰਘ ਕੋਟ ਰਾਝਾਂ, ਸੁਰੱਖਿਆ ਅਫਸਰ ਰਣਜੀਤ ਸਿੰਘ ਤੋਂ ਇਲਾਵਾ ਸਮੂਹ ਹਸਪਤਾਲ ਸਟਾਫ, ਗੁਰੂ ਨਾਨਕ ਨਰਸਿੰਗ ਕਾਲਜ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਮੂਹ ਸਟਾਫ ਵੀ ਹਾਜ਼ਰ ਸੀ ।