ਅਹਿਮਦਾਬਾਦ – ਇਥੇ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਤੀਜੇ ਟੀ-20 ਮੈਚ ਵਿੱਚ ਅੱਜ ਮਹਿਮਾਨ ਟੀਮ ਨੇ ਮੇਜ਼ਬਾਨ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਹਾਸਲ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਇੰਗਲੈਂਡ ਨੂੰ 157 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਮਹਿਮਾਨ ਟੀਮ ਨੇ ਸਲਾਮੀ ਬੱਲੇਬਾਜ਼ੀ ਜੋਸ ਬਟਲਰ (ਨਾਬਾਦ 83) ਅਤੇ ਜੌਹਨੀ ਬੇਅਰਸਟੋ (ਨਾਬਾਦ 40) ਦੀਆਂ ਤੂਫਾਨੀ ਪਾਰੀਆਂ ਸਦਕਾ ਪੂਰਾ ਕਰ ਲਿਆ। ਜੇਸਨ ਰੌਏ ਨੇ 9 ਅਤੇ ਡੇਵਿਡ ਮਲਾਨ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਗੇਂਦਬਾਜ਼ਾਂ ਦੀ ਧਾਰ ਅੱਜ ਦਿਖਾਈ ਨਾ ਦਿੱਤੀ।ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਨਾਬਾਦ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਛੇ ਵਿਕਟਾਂ ਦੇ ਨੁਕਸਾਨ ’ਤੇ 156 ਦੌੜਾਂ ਬਣਾਈਆਂ ਸਨ। ਮਾਰਕ ਵੁੱਡ ਅਤੇ ਕ੍ਰਿਸ ਜੋਰਡਨ ਦੀ ਗੇਂਦਬਾਜ਼ੀ ਸਾਹਮਣੇ ਭਾਰਤੀ ਟੀਮ 15 ਓਵਰਾਂ ਵਿੱਚ 87 ਦੌੜਾਂ ’ਤੇ ਪੰਜ ਵਿਕਟਾਂ ਗਵਾਉਣ ਮਗਰੋਂ ਜੂਝ ਰਹੀ ਸੀ ਪਰ ਕੋਹਲੀ (ਨਾਬਾਦ 77) ਅਤੇ ਹਾਰਦਿਕ ਪੰਡਿਆ (17) ਦੀਆਂ ਪਾਰੀਆਂ ਦੀ ਬਦੌਲਤ ਟੀਮ ਆਖਰੀ ਪੰਜ ਓਵਰਾਂ ਵਿੱਚ 69 ਦੌੜਾਂ ਜੋੜਨ ਵਿੱਚ ਸਫ਼ਲ ਰਹੀ। ਇਸ ਵਿੱਚ ਰਿਸ਼ਭ ਪੰਤ ਨੇ ਵੀ 25 ਦੌੜਾਂ ਦਾ ਯੋਗਦਾਨ ਪਾਇਆ।