ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਮਿਆਂਮਾਰ ’ਚ ਵੱਧਦੀ ਹਿੰਸਾ ’ਤੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਉੱਥੇ ਫੌਜੀ ਤਸ਼ੱਦਦ ਖਤਮ ਕਰਨ ’ਚ ਮਦਦ ਲਈ ਸਮੂਹਿਕ ਤੇ ਦੁਵੱਲੇ ਤੌਰ ’ਤੇ ਕੰਮ ਕਰਨ ਦੀ ਅਪੀਲ ਕੀਤੀ ਹੈ।ਗੁਟੇਰੇਜ਼ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਮਿਆਂਮਾਰ ਦੀ ਫੌਜ ਵੱਲੋਂ ਪ੍ਰਦਰਸ਼ਨਕਾਰੀਆਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਤੇ ਮਨਮਰਜ਼ੀ ਕਰਕੇ ਸੰਯੁਕਤ ਰਾਸ਼ਟਰ ਦੀ ਸੰਜਮ, ਵਾਰਤਾ ਅਤੇ ਦੇਸ਼ ਨੂੰ ਜਮਹੂਰੀ ਰਾਹ ’ਤੇ ਵਾਪਸ ਲਿਆਉਣ ਦੀ ਅਪੀਲ ਦੀ ਉਲੰਘਣਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਬੁਲਾਰੇ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਗੁਟੇਰੇਜ਼ ਨੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਮਿਆਂਮਾਰ ’ਚ ਫੌਜੀ ਤਸ਼ੱਦਦ ਖਤਮ ਕਰਨ ’ਚ ਮਦਦ ਕਰਨ ਲਈ ਸਮੂਹਿਕ ਤੇ ਦੁਵੱਲੇ ਢੰਗ ਨਾਲ ਕੰਮ ਕਰਨ। ਬਿਆਨ ਅਨੁਸਾਰ, ‘ਉਨ੍ਹਾਂ ਸੈਨਾ ਨੂੰ ਆਪਣਾ ਵਿਸ਼ੇਸ਼ ਦੂਤ ਉਥੇ ਜਾਣ ਦੇਣ ਦੀ ਅਪੀਲ ਕੀਤੀ ਜੋ ਹਾਲਾਤ ਕਾਬੂ ਹੇਠ ਕਰਨ, ਵਾਰਤਾ ਲਈ ਮੰਚ ਤਿਆਰ ਕਰਨ ਅਤੇ ਲੋਕਤੰਤਰ ਬਹਾਲ ਕਰਨ ਲਈ ਬੇਹੱਦ ਜ਼ਰੂਰੀ ਹੈ।’ ਬਿਆਨ ’ਚ ਕਿਹਾ ਗਿਆ ਹੈ ਕਿ ਗੁਟੇਰੇਜ਼ ਮਿਆਂਮਾਰ ’ਚ ਵਧਦੀ ਫੌਜੀ ਹਿੰਸਾ ਤੋਂ ਕਾਫੀ ਦੁਖੀ ਹਨ। ਗੁਟੇਰੇਜ਼ ਨੇ ਕਿਹਾ ਕਿ ਉਹ ਮਿਆਂਮਾਰ ਦੇ ਲੋਕਾਂ ਅਤੇ ਆਜ਼ਾਦੀ ਹਾਸਲ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਸਾਥ ਦਿੰਦੇ ਰਹਿਣਗੇ।