ਕੈਲੀਫੋਰਨੀਆ – ਕੈਲੀਫੋਰਨੀਆ ਦੀ ਕਾਉਂਟੀ ਫਰਿਜ਼ਨੋ ਵਿੱਚ ਇੱਕ ਰੇਲਗੱਡੀ ਨਾਲ ਕਾਰ ਦੀ ਟੱਕਰ ਹੋਣ ਦੀ ਘਟਨਾ ਵਾਪਰੀ ਹੈ, ਜਿਸ ਕਰਕੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਫਰਿਜ਼ਨੋ ਪੁਲਿਸ ਦੇ ਅਨੁਸਾਰ ਸੋਮਵਾਰ ਦੇਰ ਰਾਤ ਨੂੰ ਫਰਿਜ਼ਨੋ ਵਿੱਚ ਇੱਕ ਵਾਹਨ ਜਿਸ ਵਿੱਚ ਇਹ ਦੋਵੇਂ ਵਿਅਕਤੀ ਸਵਾਰ ਸਨ,ਟਰੇਨ ਨਾਲ ਹਾਦਸੇ ਦਾ ਸ਼ਿਕਾਰ ਹੋਇਆ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਰਾਤ ਦੇ ਤਕਰੀਬਨ 10:30 ਵਜੇ ਸੈਂਟਰਲ ਅਤੇ ਮੈਪਲ ਐਵੀਨਿਊ ਦੇ ਖੇਤਰ ਵਿੱਚ ਵਾਪਰਿਆ।ਇਸ ਦੌਰਾਨ ਐਮਟ੍ਰੈਕ ਯਾਤਰੀ ਰੇਲ ਗੱਡੀ ਦੱਖਣ ਵੱਲ ਨੂੰ ਜਾ ਰਹੀ ਸੀ। ਇਸ ਹਾਦਸੇ ਬਾਰੇ ਜਾਂਚਕਰਤਾਵਾਂ ਨੇ ਦੱਸਿਆ ਕਿ ਟਰੇਨ ਦੇ ਆਉਣ ਸਮੇਂ ਕਰਾਸਿੰਗ ਫਾਟਕ ਹੇਠਾਂ ਸਨ ਅਤੇ ਕਾਰ ਸਵਾਰ ਫਾਟਕਾਂ ਦੇ ਪਾਸਿਉਂ ਹੋ ਕੇ ਰੇਲਵੇ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਵੇਲੇ ਇਹ ਹਾਦਸਾ ਵਾਪਰਿਆ। ਇਸ ਘਟਨਾ ਵਿੱਚ ਰੇਲ ਗੱਡੀ ਆਪਣੇ ਰੁਕਣ ਤੱਕ ਕਾਰ ਨੂੰ ਘੜੀਸ ਦੀ ਹੋਈ ਆਪਣੇ ਨਾਲ ਲੈ ਗਈ।ਅਧਿਕਾਰੀਆਂ ਅਨੁਸਾਰ ਇਸ ਹਾਦਸੇ ਦੇ ਸਮੇਂ ਦੋ ਆਦਮੀ ਜੋ ਕਿ ਵਾਹਨ ਦੇ ਅੰਦਰ ਸਨ ,ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਇਸ ਹਾਦਸੇ ਦੀ ਜਾਂਚ ਜਾਰੀ ਹੈ ਜਦਕਿ ਦੋਵਾਂ ਮ੍ਰਿਤਕਾਂ ਦੀ ਪਛਾਣ ਅਧਿਕਾਰਤ ਤੌਰ ‘ਤੇ ਫਿਲਹਾਲ ਜਾਰੀ ਨਹੀਂ ਕੀਤੀ ਗਈ ਹੈ।