ਬਾਬਾ ਬਕਾਲਾ ਸਾਹਿਬ ਵਿਖੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਸਮਾਗਮ ਆਰੰਭ
ਬਾਬਾ ਬਕਾਲਾ ਸਾਹਿਬ – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਲੜੀ ਤਹਿਤ ਨੌਵੇਂ ਪਾਤਸ਼ਾਹ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਤਿੰਨ ਦਿਨ ਚੱਲਣ ਵਾਲੇ ਸਮਾਗਮਾਂ ਦੀ ਆਰੰਭਤਾ ਅੱਜ ਪੰਜ ਹਜ਼ਾਰ ਸਹਿਜਪਾਠਾਂ ਦੇ ਭੋਗ ਨਾਲ ਹੋਈ। ਇਹ ਸਹਿਜਪਾਠ ਸੰਗਤਾਂ ਵੱਲੋਂ ਕੀਤੇ ਗਏ ਸਨ। ਇਸੇ ਦੌਰਾਨ ਬੀਤੇ ਕਰੀਬ ਇਕ ਮਹੀਨੇ ਤੋਂ ਚੱਲ ਰਹੇ ਗੁਰਬਾਣੀ ਪਾਠ ਬੋਧ ਸਮਾਗਮ ਦੀ ਵੀ ਅੱਜ ਸਮਾਪਤੀ ਕੀਤੀ ਗਈ। ਇਸ ਸਬੰਧ ਵਿਚ ਵਿਸ਼ਾਲ ਪੰਡਾਲ ਅੰਦਰ ਸਜਾਏ ਗਏ ਗੁਰਮਤਿ ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਿਥੇ ਗੁਰਬਾਣੀ ਪਾਠ ਬੋਧ ਸਮਾਗਮ ਦੌਰਾਨ ਸੰਥਿਆ ਅਤੇ ਸੰਪੂਰਨ ਸਹਿਜਪਾਠ ਕਰਨ ਵਾਲੀਆਂ ਸੰਗਤਾਂ ਨੂੰ ਵਧਾਈ ਦਿੱਤੀ, ਉਥੇ ਹੀ ਨੌਵੇਂ ਪਾਤਸ਼ਾਹ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਦੀ ਸੰਗਤ ਨੂੰ ਪ੍ਰੇਰਣਾ ਕੀਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਪਾਠ ਬੋਧ ਸਮਾਗਮ ਕਰਨ ਅਤੇ ਸੰਗਤ ਨੂੰ ਸਹਿਜਪਾਠ ਕਰਨ ਲਈ ਪ੍ਰੇਰਿਤ ਕਰਨ ਦਾ ਮੰਤਵ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਗੁਰਬਾਣੀ ਵਿਚਾਰ ਨਾਲ ਜੋੜਨਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ 1 ਮਈ 2021 ਨੂੰ ਕੌਮਾਂਤਰੀ ਪੱਧਰ ਦੇ ਸਮਾਗਮ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ, ਜਿਸ ਤੋਂ ਪਹਿਲਾਂ ਪੂਰੇ ਦੇਸ਼ ਅੰਦਰ ਵੱਖ-ਵੱਖ ਸਮਾਗਮ ਸਜਾਏ ਜਾ ਰਹੇ ਹਨ। ਇਸੇ ਤਹਿਤ ਹੀ ਗੁਰੂ ਸਾਹਿਬ ਦੀ ਪਾਵਨ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਤਿੰਨ ਦਿਨ ਦੇ ਸਮਾਗਮ ਉਲੀਕੇ ਗਏ ਹਨ। ਇਨ੍ਹਾਂ ਸਮਾਗਮਾਂ ਵਿਚ 17 ਮਾਰਚ ਨੂੰ ਮਾਤਾ ਗੁਜਰੀ ਜੀ ਇਸਤਰੀ ਗੁਰਮਤਿ ਸਮਾਗਮ ਅਤੇ 18 ਮਾਰਚ ਨੂੰ ਮੁੱਖ ਸਮਾਗਮ ਹੋਵੇਗਾ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰਖਵਾਲੀ ਲਈ ਆਪਣੀ ਸ਼ਹਾਦਤ ਦਿੱਤੀ ਸੀ, ਜਿਸ ਨੇ ਦੇਸ਼ ਦੀ ਤਕਦੀਰ ਅਤੇ ਤਸਵੀਰ ਬਦਲਣ ਦੇ ਨਾਲ-ਨਾਲ ਪੂਰੇ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਕ੍ਰਾਂਤੀਕਾਰੀ ਸੰਦੇਸ਼ ਦਿੱਤਾ। ਇਸ ਲਈ ਸਾਡਾ ਸਭ ਦਾ ਫ਼ਰਜ਼ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੋਈਏ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ।ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਗੁਰਬਾਣੀ ਪਾਠ ਬੋਧ ਸਮਾਗਮ ਦੌਰਾਨ ਇਕ ਮਹੀਨਾ ਸੰਥਿਆ ਪ੍ਰਾਪਤ ਕਰਨ ਵਾਲੀਆਂ ਸੰਗਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਬਲਜੀਤ ਸਿੰਘ ਜਲਾਲਉਸਮਾ, ਭਾਈ ਰਾਮ ਸਿੰਘ, ਸ. ਕੁਲਵੰਤ ਸਿੰਘ ਮੰਨਣ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਰਾਜਪਾਲ ਸਿੰਘ, ਭਾਈ ਦਿਲਬਾਗ ਸਿੰਘ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਮੁਖਤਾਰ ਸਿੰਘ, ਓਐਸਡੀ ਡਾ. ਸੁਖਬੀਰ ਸਿੰਘ, ਮੈਨੇਜਰ ਸ. ਸਤਿੰਦਰ ਸਿੰਘ ਬਾਜਵਾ, ਸ. ਮੋਹਨ ਸਿੰਘ ਕੰਗ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਜੱਜ ਸਿੰਘ, ਬੀਬੀ ਤਰਲੋਚਨ ਕੌਰ, ਭਾਈ ਪ੍ਰਗਟ ਸਿੰਘ, ਇੰਚਾਰਜ ਸ. ਮਨਜੀਤ ਸਿੰਘ, ਸ. ਰਜਵੰਤ ਸਿੰਘ ਰੰਧਾਵਾ, ਸ. ਸਰਬਜੀਤ ਸਿੰਘ ਧੂੰਦਾਂ, ਸ. ਕਰਤਾਰ ਸਿੰਘ, ਸ. ਬੂਟਾ ਸਿੰਘ, ਸ. ਜਗਦੀਸ਼ ਸਿੰਘ ਬੁੱਟਰ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।