ਅਹਿਮਦਾਬਾਦ – ਟੀ-20 ਕੌਮਾਂਤਰੀ ਕ੍ਰਿਕਟ ਵਿਚ ਸ਼ਾਨਦਾਰ ਡੈਬਿਊ ਕਰਨ ਵਾਲੇ ਨੌਜਵਾਨ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਕਿਹਾ ਕਿ ਆਈ. ਪੀ. ਐੱਲ. ਵਿਚ ਦੁਨੀਆ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਨਾਲ ਉਸ ਨੂੰ ਇੰਗਲੈਂਡ ਵਿਰੁੱਧ ਬੇਖੌਫ ਹੋ ਕੇ ਖੇਡਣ ਵਿਚ ਮਦਦ ਮਿਲੀ। ਕਿਸ਼ਨ ਨੇ ਦੂਜੇ ਟੀ-20 ਮੈਚ ਵਿਚ 56 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਦੀ ਮਦਦ ਨਾਲ ਭਾਰਤ ਨੇ ਆਸਾਨੀ ਨਾਲ ਇਹ ਮੈਚ ਜਿੱਤ ਲਿਆ। ਕਿਸ਼ਨ ਨੇ ਕਿਹਾ,‘‘ਨੈੱਟ ’ਤੇ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ਾਂ ਟ੍ਰੇਂਟ ਬੋਲਟ ਤੇ ਜਸਪ੍ਰੀਤ ਬੁਮਰਾਹ ਨੂੰ ਖੇਡਣ ਨਾਲ ਕਾਫੀ ਮਦਦ ਮਿਲੀ। ਉਹ ਕਾਫੀ ਤੇਜ਼ ਗੇਂਦਬਾਜ਼ ਹਨ ਤੇ ਉਨ੍ਹਾਂ ਵਿਰੁੱਧ ਸ਼ਾਟਾਂ ਖੇਡਣ ਨਾਲ ਆਤਮਵਿਸ਼ਵਾਸ ਆਉਂਦਾ ਹੈ।ਉਸਨੇ ਕਿਹਾ,‘‘ਆਈ. ਪੀ. ਐੱਲ. ਵਿਚ ਤੁਹਾਡਾ ਸਾਹਮਣਾ ਦੁਨੀਆ ਭਰ ਦੇ ਬਿਹਤਰੀਨ ਗੇਂਦਬਾਜ਼ਾਂ ਨਾਲ ਹੁੰਦਾ ਹੈ ਤਾਂ ਫਿਰ ਉਨ੍ਹਾਂ ਨੂੰ ਖੇਡਣ ਦੀ ਆਦਤ ਹੋ ਜਾਂਦੀ ਹੈ। ਇਸ ਨਾਲ ਮੈਨੂੰ ਫਾਇਦਾ ਮਿਲਿਆ।’’ ਉਸ ਨੇ ਇਹ ਵੀ ਕਿਹਾ ਕਿ ਟੀਮ ਮੈਨੇਜਮੈਂਟ ਨੇ ਦਬਾਅ ਲਏ ਬਿਨਾਂ ਸੁਭਾਵਿਕ ਖੇਡ ਦਿਖਾਉਣ ਵਿਚ ਮਦਦ ਕੀਤੀ।ਕਿਸ਼ਨ ਨੇ ਕਿਹਾ,‘‘ਮੈਚ ਤੋਂ ਪਹਿਲਾਂ ਮੈਨੂੰ ਖੁੱਲ੍ਹ ਕੇ ਖੇਡਣ ਲਈ ਕਿਹਾ ਗਿਆ, ਜਿਵੇਂ ਮੈਂ ਆਈ. ਪੀ. ਐੱਲ. ‘ਚ ਖੇਡਦਾ ਹਾਂ। ਮੈਨੂੰ ਵਾਧੂ ਦਬਾਅ ਨਾ ਲੈਣ ਲਈ ਕਿਹਾ ਗਿਆ। ਪਹਿਲਾ ਕੌਮਾਂਤਰੀ ਮੈਚ ਹੋਣ ਨਾਲ ਮੈਂ ਨਰਵਸ ਸੀ ਪਰ ਭਾਰਤ ਦੀ ਜਰਸੀ ਪਹਿਨਣ ਤੋਂ ਬਾਅਦ ਦਬਾਅ ਹਟ ਜਾਂਦਾ ਹੈ ਤੇ ਤੁਸੀਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹੋ।ਉਸ ਨੇ ਕਪਤਾਨ ਵਿਰਾਟ ਕੋਹਲੀ ਬਾਰੇ ਕਿਹਾ,‘‘ਮੇਰੇ ਲਈ ਇਹ ਮਾਣ ਦੀ ਗੱਲ ਸੀ ਕਿਉਂਕਿ ਮੈਂ ਉਸ ਨੂੰ ਅਤੇ ਮੈਦਾਨ ’ਤੇ ਉਸਦੀ ਖੇਡ ਨੂੰ ਟੀ. ਵੀ. ’ਤੇ ਹੀ ਦੇਖਿਆ ਹੈ। ਦੂਜੇ ਪਾਸੇ ਤੋਂ ਇਸ ਤਰ੍ਹਾਂ ਦਾ ਤਜਰਬਾ ਕਰਨਾ ਬਿਲਕੁਲ ਵੱਖਰਾ ਸੀ। ਉਸਦੀ ਊਰਜਾ ਤੇ ਮੈਦਾਨ ’ਤੇ ਮੌਜੂਦੀ ਸਿੱਖਣ ਲਾਇਕ ਹੈ। ਮੈਂ ਉਸ ਤੋਂ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗਾ।’’