ਐਸ ਏ ਐਸ ਨਗਰ, 20 ਮਈ-ਪੰਜਾਬ ਦੇ ਮੁੱਖ ਮੰਤਰੀ ਸz. ਭਗਵੰਤ ਸਿੰਘ ਮਾਨ ਵਲੋਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਦੌਰਾਨ ਇਹ ਦਾਅਵਾ ਤਾਂ ਕੀਤਾ ਜਾ ਰਿਹਾ ਹੈ ਕਿ ਆਪ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਤੋਂ ਵਿਦੇਸ਼ਾਂ ਨੂੰ ਹੁੰਦੇ ਪਰਵਾਸ ਨੂੰ ਠੱਲ ਪਈ ਹੈ ਅਤੇ ਵੱਡੀ ਗਿਣਤੀ ਨੌਜਵਾਨਾਂ ਨੂੰ ਰੁਜਗਾਰ ਮਿਲਣ ਕਰਕੇ ਉਹ ਵਿਦੇਸ਼ ਨਹੀਂ ਜਾ ਰਹੇ ਪਰੰਤੂ ਉਹਨਾਂ ਦੀ ਇਹ ਗੱਲ ਕਿੰਨੀ ਕੁ ਸੱਚ ਹੈ ਇਹ ਤਾਂ ਮੁੱਖ ਮੰਤਰੀ ਹੀ ਜਾਣਦੇ ਹਨ ਪਰੰਤੂ ਆਮ ਲੋਕ ਉਹਨਾਂ ਦੇ ਇਸ ਦਾਅਵੇ ਨਾਲ ਸਹਿਮਤ ਨਹੀਂ ਦਿਖਦੇ। ਇਸ ਸੰਬੰਧੀ ਆਮ ਗੱਲਬਾਤ ਦੌਰਾਨ ਲੋਕ ਕਹਿੰਦੇ ਹਨ ਕਿ ਜੇਕਰ ਮੁੱਖ ਮੰਤਰੀ ਦਾ ਇਹ ਦਾਅਵਾ ਸੱਚਾ ਹੁੰਦਾ ਤਾਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਰ ਵੇਲੇ ਦਿਖਦੀ ਪੰਜਾਬ ਦੇ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਦੀ ਭੀੜ ਘਟ ਜਾਣੀ ਸੀ ਪਰੰਤੂ ਇਹ ਭੀੜ ਤਾਂ ਹੋਰ ਵੀ ਵੱਧ ਗਈ ਹੈ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਹ ਦਾਅਵੇ ਹਵਾ ਹਵਾਈ ਹੀ ਹਨ।
ਵਿਦੇਸ਼ ਜਾਣ ਵਾਲੇ ਇਹ ਵਿਦਿਆਰਥੀ ਅਤੇ ਨੌਜਵਾਨ ਅਨੇਕਾਂ ਸੁਪਨੇ ਲੈ ਕੇ ਪੰਜਾਬ ਤੋਂ ਵੱਖ ਵੱਖ ਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ। ਹਾਲਾਤ ਦੀ ਗੰਭੀਰਤਾ ਦਾ ਅੰਦਾਜ ਇਸ ਨਾਲ ਵੀ ਲਗਾਇਆ ਜਾ ੋਸਕਦਾ ਹੈ ਕਿ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੁੱਝ ਮੁਹਲੇ ਅਜਿਹੇ ਵੀ ਹਨ, ਜਿਥੋਂ ਦੇ ਸਾਰੇ ਨੌਜਵਾਨ ਬੱਚੇ ਵਿਦੇਸ਼ ਜਾ ਚੁਕੇ ਹਨ ਅਤੇ ਘਰਾਂ ਵਿਚ ਇਕਲੇ ਅਧਖੜ ਉਮਰ ਦੇ ਵਿਅਕਤੀ ਅਤੇ ਬਜੁਰਗ ਹੀ ਰਹਿ ਗਏ ਹਨ। ਇਹਨਾਂ ਵਿਚੋਂ ਵੀ ਵੱਡੀ ਗਿਣਤੀ ਲੋਕ ਆਪਣੇ ਬੱਚਿਆਂ ਕੋਲ ਵਿਦੇਸ਼ ਜਾਣ ਲਈ ਚਾਰਾਗੋਈ ਕਰਨ ਵਿਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਵੱਡੀ ਗਿਣਤੀ ਘਰ ਅਜਿਹੇ ਵੀ ਹਨ, ਜੋ ਕਿ ਬਿਲਕੁਲ ਖਾਲੀ ਹਨ ਅਤੇ ਇਹਨਾਂ ਦੇ ਘਰਾਂ ਦੇ ਵਸਨੀਕ ਵਿਦੇਸ਼ ਚਲੇ ਗਏ ਹਨ।
ਸਵਾ ਦੋ ਸਾਲ ਪਹਿਲਾਂ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਆਪ ਆਗੂਆਂ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬੀਆਂ ਖਾਸ ਕਰਕੇ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਦੂਜੇ ਦੇਸ਼ਾਂ ਨੂੰ ਪਰਵਾਸ ਨੂੰ ਠੱਲ ਪਾਉਣ ਲਈ ਉਚੇਚੇ ਯਤਨ ਕੀਤੇ ਜਾਣਗੇ, ਇਸ ਲਈ ਨੌਜਵਾਨਾਂ ਨੂੰ ਲੋੜੀਂਦੇ ਰੁਜਗਾਰ ਦਿਤੇ ਜਾਣਗੇ ਅਤੇ ਪੰਜਾਬੀਆਂ ਦੀ ਭਲਾਈ ਲਈ ਹੋਰ ਅਨੇਕਾਂ ਉਪਰਾਲੇ ਕੀਤੇ ਜਾਣਗੇ। ਪੰਜਾਬ ਵਿੱਚ ਆਮ ਆਦਮੀ ਪਾਟੀ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁਕਿਆ ਹੈ, ਪਰ ਇਹ ਸਰਕਾਰ ਪੰਜਾਬ ਵਿਚੋਂ ਪੰਜਾਬੀਆਂ ਖਾਸ ਕਰਕੇ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਪਰਵਾਸ ਨੂੰ ਠੱਲ ਨਹੀਂ ਪਾ ਸਕੀ ਹੈ।
ਸਮਾਜ ਦੇ ਵੱਖ ਵੱਖ ਵਰਗਾਂ ਨਾਲ ਗਲਬਾਤ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬ ਵਿੱਚ ਵਾਪਰ ਰਹੀਆਂ ਨਿਤ ਦਿਨ ਕਤਲੋ ਗਾਰਤ ਦੀਆਂ ਵਾਰਦਾਤਾਂ, ਬੇਅਦਬੀ ਦੀਆਂ ਘਟਨਾਵਾਂ, ਪੁਲੀਸ ਦੀ ਸਖਤੀ, ਖੂਨ ਪੀਣੀਆਂ ਸੜਕਾਂ, ਮਹਿੰਗਾਈ, ਨਸ਼ੇ ਅਤੇ ਬੇਰੁਜਗਾਰੀ ਤੋਂ ਅੱਕੇ ਲੋਕ ਹੁਣ ਪੰਜਾਬ ਵਿਚ ਰਹਿਣ ਨੂੰ ਸਹੀ ਨਹੀਂ ਮੰਨਦੇ, ਇਸ ਕਾਰਨ ਪੰਜਾਬ ਦੇ ਵਸਨੀਕਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਜਿਸ ਨੂੰ ਠੱਲਣ ਵਿਚ ਅਜੇ ਤਕ ਪੰਜਾਬ ਦੀ ਮੌਜੂਦਾ ਆਪ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ।