ਪ੍ਰਯਾਗਰਾਜ – ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਚੱਲ ਰਿਹਾ ਕਿਸਾਨ ਅੰਦੋਲਨ ਇਸ ਸਾਲ ਦਸੰਬਰ ਤੱਕ ਚੱਲਣ ਦੀ ਸੰਭਾਵਨਾ ਹੈ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਇੱਥੇ ਕਹੀ। ਪੱਛਮੀ ਬੰਗਾਲ ਦਾ ਦੌਰਾਨ ਕਰਨ ਮਗਰੋਂ ਅੱਜ ਪ੍ਰਯਾਗਰਾਜ ਪਹੁੰਚੇ ਟਿਕੈਤ ਨੇ ਝਲਵਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਅੰਦੋਲਨ ਨਵੰਬਰ-ਦਸੰਬਰ ਤੱਕ ਚੱਲਣ ਦੀ ਆਸ ਹੈ।’ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਬੰਗਾਲ ਦੌਰੇ ਬਾਰੇ ਟਿਕੈਤ ਨੇ ਦੱਸਿਆ, ‘ਦਿੱਲੀ ’ਚ ਸਰਕਾਰ ਦੇ ਲੋਕ ਪੱਛਮੀ ਬੰਗਾਲ ਦੇ ਕਿਸਾਨਾਂ ਤੋਂ ਇੱਕ ਮੁੱਠੀ ਅਨਾਜ ਮੰਗ ਰਹੇ ਹਨ। ਅਸੀਂ ਕਿਸਾਨਾਂ ਨੂੰ ਕਿਹਾ ਕਿ ਜਦੋਂ ਉਹ ਚੌਲ ਦੇਣ ਤਾਂ ਅਨਾਜ ਮੰਗਣ ਵਾਲਿਆਂ ਨੂੰ ਕਹਿਣ ਕਿ ਉਹ ਇਸ ’ਤੇ ਐੱਮਐੱਸਪੀ ਵੀ ਤੈਅ ਕਰਵਾ ਦੇਣ ਅਤੇ 1850 ਰੁਪਏ ਦਾ ਭਾਅ ਦਿਵਾਉਣ।’ਉਨ੍ਹਾਂ ਕਿਹਾ, ‘ਬੀਤੇ ਦਿਨ ਅਸੀਂ ਬੰਗਾਲ ’ਚ ਸੀ… ਪੂਰੇ ਮੁਲਕ ’ਚ ਜਾ ਰਹੇ ਹਾਂ। ਅਸੀਂ ਕਿਸਾਨਾਂ ਨੂੰ ਐੱਮਐੱਸਪੀ ਦਾ ਕਾਨੂੰਨ ਬਣਵਾਉਣ ਦੀ ਮੰਗ ਕਰਨ ਲਈ ਕਹਿਣ ਜਾ ਰਹੇ ਹਾਂ। ਅਜੇ ਬਿਹਾਰ ’ਚ ਜੀਰੀ 700-900 ਰੁਪਏ ਪ੍ਰਤੀ ਕੁਇੰਟਲ ’ਤੇ ਖਰੀਦੀ ਗਈ ਹੈ। ਸਾਡੀ ਮੰਗ ਹੈ ਕਿ ਐੱਮਐੱਸਪੀ ਦਾ ਕਾਨੂੰਨ ਬਣੇ ਅਤੇ ਇਸ ਤੋਂ ਹੇਠਾਂ ਖਰੀਦ ਨਾ ਹੋਵੇ।’ ਉਨ੍ਹਾਂ ਕਿਹਾ, ‘ਅਸੀਂ ਦਿੱਲੀ ’ਚ ਹੀ ਰਹਾਂਗੇ। ਪੂਰੇ ਦੇਸ਼ ’ਚ ਮੀਟਿੰਗਾਂ ਚੱਲ ਰਹੀਆਂ ਹਨ। ਅਸੀਂ 15 ਮਾਰਚ ਤੱਕ ਮੱਧ ਪ੍ਰਦੇਸ਼ ’ਚ ਰਹਾਂਗੇ। ਫਿਰ 17 ਨੂੰ ਗੰਗਾਨਗਰ ਅਤੇ 18 ਮੁੜ ਗਾਜ਼ੀਪੁਰ ਹੱਦ ’ਤੇ ਚਲੇ ਜਾਵਾਂਗੇ। ਇਸ ਤੋਂ ਬਾਅਦ 19 ਨੂੰ ਉੜੀਸਾ ’ਚ ਰਹਾਂਗੇ ਅਤੇ 21-22 ਨੂੰ ਕਰਨਾਟਕ ’ਚ ਹੋਵਾਂਗੇ।’ ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਕਾਨੂੰਨਾਂ ਨਾਲ ਛੋਟੇ ਦੁਕਾਨਦਾਰ ਖਤਮ ਹੋ ਜਾਣਗੇ ਤੇ ਸਿਰਫ਼ ਦੋ ਉਦਯੋਗਪਤੀ ਹੀ ਬਚਣਗੇ। ਵਪਾਰੀ ਵਰਗ ਖਤਮ ਹੋ ਜਾਵੇਗਾ ਅਤੇ ਛੋਟੇ ਉਦਯੋਗ ਵੀ ਖਤਮ ਹੋ ਜਾਣਗੇ।