ਅਹਿਮਦਾਬਾਦ – ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਮੇਜ਼ਬਾਨ ਟੀਮ ਨੇ ਵਾਪਸੀ ਕਰਦਿਆਂ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੇ ਭਾਰਤ ਨੂੰ 165 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ’ਤੇ 166 ਦੌੜਾਂ ਬਣਾ ਕੇ ਲੜੀ ਦੀ ਪਹਿਲੀ ਜਿੱਤ ਦਰਜ ਕੀਤੀ। ਭਾਰਤੀ ਸਾਲਾਮੀ ਬੱਲੇਬਾਜ਼ ਰਾਹੁਲ (0) ਦੇ ਜਲਦੀ ਆਊਟ ਹੋਣ ਮਗਰੋਂ ਇਸ਼ਾਨ ਕਿਸ਼ਨ (56) ਅਤੇ ਕਪਤਾਨ ਵਿਰਾਟ ਕੋਹਲੀ (ਨਾਬਾਦ 73) ਨੇ ਪਾਰੀ ਸੰਭਾਲਦਿਆਂ 94 ਦੌੜਾਂ ਦੀ ਸਾਂਝੇਦਾਰੀ ਬਣਾਈ। ਇਸ਼ਾਨ ਦੇ ਆਊਟ ਹੋਣ ਮਗਰੋਂ ਰਿਸ਼ਭ ਪੰਤ ਨੇ 13 ਗੇਂਦਾਂ ਵਿੱਚ 26 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਵੱਲ ਵਧਾਇਆ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ ’ਤੇ 164 ਦੌੜਾਂ ਬਣਾਈਆਂ ਸਨ। ਭਾਰਤ ਲਈ ਵਾਸ਼ਿੰਗਟਨ ਸੁੰਦਰ ਤੇ ਸ਼ਾਰਦੁਲ ਠਾਕੁਰ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਭੁਵਨੇਸ਼ਵਰ ਕੁਮਾਰ ਤੇ ਯੁਜ਼ਵੇਂਦਰ ਚਾਹਲ ਨੂੰ ਇੱਕ-ਇੱਕ ਵਿਕਟ ਮਿਲੀ।