ਕੈਲੀਫੋਰਨੀਆ – ਬਰਫੀਲੇ ਮੌਸਮ ਦੌਰਾਨ ਸੜਕਾਂ ਉੱਪਰ ਵਾਹਨ ਆਦਿ ਚਲਾਉਣ ਵਿੱਚ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਈ ਵਾਰ ਸੜਕਾਂ ਉੱਪਰ ਬਰਫ ਜੰਮਣ ਕਾਰਨ ਜਬਰਦਸਤ ਹਾਦਸੇ ਵੀ ਹੋ ਜਾਂਦੇ ਹਨ। ਅਜਿਹਾ ਹੀ ਇੱਕ ਹਾਦਸਾ ਮੋਨਟਾਨਾ ‘ਚ ਬਿਲਿੰਗਜ਼ ਦੇ ਬਾਹਰ ਯੈਲੋਸਟੋਨ ਨਦੀ ਉੱਤੇ ਇੱਕ ਬਰਫੀਲੇ ਇੰਟਰਸਟੇਟ ਹਾਈਵੇਅ ਬਰਿੱਜ ‘ਤੇ ਸ਼ਨੀਵਾਰ ਦੇ ਦਿਨ ਹੋਇਆ ਜਿੱਥੇ ਦਰਜਨਾਂ ਵਾਹਨ ਇੱਕ ਦੂਸਰੇ ਨਾਲ ਟਕਰਾਏ ਹਨ। ਜਿਹਨਾਂ ਵਿੱਚ ਕਾਰਾਂ ਅਤੇ ਟਰੱਕ ਆਦਿ ਸ਼ਾਮਿਲ ਹਨ। ਇਸ ਹਾਦਸੇ ਸੰਬੰਧੀ ਮੋਨਟਾਨਾ ਦੇ ਹਾਈਵੇਅ ਪੈਟਰੋਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੱਕਰ ਵਿੱਚ ਲੱਗਭਗ 30 ਵਾਹਨ ਸ਼ਾਮਿਲ ਸਨ। ਅਧਿਕਾਰੀਆਂ ਅਨੁਸਾਰ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਦੋ ਲੋਕ ਜ਼ਖਮੀ ਹੋ ਗਏ ਹਨ, ਜਿਹਨਾਂ ਨੇ ਕਾਰਾਂ ਦੀ ਲਪੇਟ ਵਿੱਚ ਆਉਣ ਤੋਂ ਬਚਣ ਲਈ ਪੁਲ ਤੋਂ ਛਲਾਂਗ ਲਗਾ ਦਿੱਤੀ ਸੀ। ਅਧਿਕਾਰੀਆਂ ਅਨੁਸਾਰ ਇਹ ਦੋਵੇਂ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋਏ ਹਨ, ਪਰ ਉਹਨਾਂ ਦੇ ਠੀਕ ਹੋਣ ਦੀ ਉਮੀਦ ਹੈ।ਇਸਦੇ ਇਲਾਵਾ ਬਿਲਿੰਗਸ ਸਿਟੀ ਦੀ ਇੱਕ ਬੱਸ ਨੂੰ ਵੀ ਘਟਨਾ ਸਥਾਨ ਤੇ ਲੋਕਾਂ ਦੀ ਸਹਾਇਤਾ ਲਈ ਭੇਜਿਆ ਗਿਆ ਸੀ। ਇਸ ਹਾਦਸੇ ਦੀ ਵਜ੍ਹਾ ਕਾਰਨ ਸੜਕ ਬੰਦ ਹੋਣ ਕਾਰਨ ਬਿਲਿੰਗਜ਼ ਵਿੱਚ ਲੋਕਾਂ ਨੂੰ ਭਾਰੀ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।