ਨੌਵੇਂ ਪਾਤਾਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ ਭਰ ਵਿਚ ਕਰਵਾਏ ਜਾ ਰਹੇ ਹਨ ਸਮਾਗਮ
ਅੰਮ੍ਰਿਤਸਰ – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਮਾਗਮਾਂ ਤਹਿਤ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਵੀ ਆਰੰਭ ਕੀਤੀ ਗਈ ਹੈ। ਇਸੇ ਅਨੁਸਾਰ ਉਤਰਾਖੰਡ ’ਚ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਅੱਜ ਪਾਠ ਬੋਧ ਸਮਾਗਮ ਦੀ ਸ਼ੁਰੂਆਤ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਉਤਰ ਪ੍ਰਦੇਸ਼ ਸਿੱਖ ਮਿਸ਼ਨ ਹਾਪੜ ਅਤੇ ਉਤਰਾਖੰਡ ਸਿੱਖ ਮਿਸ਼ਨ ਕਾਂਸ਼ੀਪੁਰ ਦੇ ਉਪਰਾਲੇ ਨਾਲ ਕਰਵਾਏ ਜਾ ਰਹੇ ਇਸ ਪਾਠ ਬੋਧ ਸਮਾਗਮ ਵਿਚ ਸੌ ਦੇ ਕਰੀਬ ਸੰਗਤਾਂ ਗੁਰਬਾਣੀ ਸੰਥਿਆ ਪ੍ਰਾਪਤ ਕਰਨਗੀਆਂ। ਪਾਠ ਬੋਧ ਸਮਾਗਮ ਦੀ ਸਮਾਪਤੀ ਸਮੇਂ 5 ਅਪ੍ਰੈਲ ਨੂੰ ਮੁੱਖ ਸਮਾਗਮ ਕੀਤਾ ਜਾਵੇਗਾ, ਜਿਸ ਵਿਚ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਸਿਰਕਤ ਕਰਨਗੀਆਂ। ਅੱਜ ਸ਼ੁਰੂ ਹੋਏ ਪਾਠ ਬੋਧ ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਸਿੱਖ ਮਿਸ਼ਨ ਹਾਪੜ ਦੇ ਇੰਚਾਰਜ ਭਾਈ ਬ੍ਰਿਜਪਾਲ ਸਿੰਘ ਅਤੇ ਸਿੱਖ ਮਿਸ਼ਨ ਕਾਂਸ਼ੀ ਦੇ ਇੰਚਾਰਜ ਭਾਈ ਹਰਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਭਾਈ ਅਜਾਇਬ ਸਿੰਘ ਅਭਿਆਸੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਵੱਖ-ਵੱਖ ਸਮਾਗਮ ਉਲੀਕੇ ਗਏ ਹਨ ਜਿੰਨ੍ਹਾਂ ਵਿਚ ਪਾਠ ਬੋਧ ਸਮਾਗਮ ਵੀ ਵਿਸ਼ੇਸ਼ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਦੀਆਂ ਬਰੀਕੀਆਂ ਸਮਝਣ ਲਈ ਸੰਥਿਆ ਦਾ ਵੱਡਾ ਮਹੱਤਵ ਹੈ ਅਤੇ ਇਸੇ ਲਈ ਹੀ ਵੱਖ-ਵੱਖ ਥਾਵਾਂ ’ਤੇ ਗੁਰਬਾਣੀ ਸੰਥਿਆ ਦੇ ਸਮਾਗਮ ਕੀਤੇ ਜਾ ਰਹੇ ਹਨ। ਦਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਪਾਠ ਬੋਧ ਸਮਾਗਮ ਸਫਲਤਾ ਪੂਰਵਕ ਕਰਵਾਇਆ ਜਾ ਚੁੱਕਾ ਹੈ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸਮਾਗਮ ਜਾਰੀ ਹੈ। ਗੁਰਦੁਆਰਾ ਨਾਨਕਮੱਤਾ ਸਾਹਿਬ ਵਿਖੇ ਪਾਠ ਬੋਧ ਸਮਾਗਮ ਦੀ ਆਰੰਭਤਾ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਜਗਵਿੰਦਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਗੁਰਸ਼ਰਨ ਸਿੰਘ, ਭਾਈ ਹਰਬੀਰ ਸਿੰਘ, ਭਾਈ ਰੇਸ਼ਮ ਸਿੰਘ, ਭਾਈ ਗੁਰਨਾਮ ਸਿੰਘ ਪਰਵਾਨਾ, ਸ. ਰਣਜੀਤ ਸਿੰਘ, ਸ. ਸੇਵਾ ਸਿੰਘ ਆਦਿ ਮੌਜੂਦ ਸਨ।