ਚੰਡੀਗੜ੍ਹ 25, ਜੁਲਾਈ, 2023- ਯੂਥ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਦਵਿੰਦਰ ਸਿੰਘ ਸੋਢੀ ਨੇ ਐਨ ਡੀ ਏ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੀ ਪ੍ਰੋੜਤਾ ਕੀਤੀ ਜਿਸ ਵਿਚ ਉਨ੍ਹਾ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਵਾਰਿਸ ਦੱਸਿਆ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਦਾ ਸਵਾਗਤ ਕਰਦਿਆਂ ਸੋਢੀ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਕਾਲੀ ਸਿਧਾਂਤਾ ਤੇ ਪਹਿਰਾ ਦੇਣ ਵਾਲੇ ਸਬ ਤੋਂ ਸੀਨੀਅਰ ਅਕਾਲੀ ਆਗੂ ਹਨ ਅਤੇ ਅਸੀਂ ਸ਼ੁਰੂ ਤੋ ਉਨ੍ਹਾ ਨੂੰ ਸ਼੍ਰੋਮਣੀ ਅਕਲੀ ਦਲ ਦਾ ਅਸਲ ਵਾਰਿਸ ਮੰਨਦੇ ਆਏ ਹਾਂ।
ਉਨ੍ਹਾ ਅੱਗੇ ਕਿਹਾ ਕਿ ਅਕਾਲੀ ਦਲ ਦੀ ਮੌਜੂਦਾ ਬਦਹਾਲੀ ਲਈ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਅਤੇ ਆਪਣੇ ਨਿੱਜੀ ਹਿੱਤਾਂ ਲਈ ਗੁਰਬਾਣੀ ਪ੍ਰਸਾਰਨ ਦਾ ਏਕਾਧਿਕਾਰ ਕੇਵਲ ਪੀ ਟੀ ਸੀ ਅਤੇ ਆਪਣੇ ਚਹੇਤਿਆਂ ਵਲੋ ਬਣਾਏ ਗਏ ਯੂ ਟਿਊਬ ਚੈਨਲ ਨੂੰ ਦੇਣਾ ਬਾਦਲ ਪਰਿਵਾਰ ਨੂੰ ਸਿਆਸਤ ਵਿੱਚੋਂ ਬਾਹਰ ਕੱਢਣ ਲਈ ਆਖਰੀ ਕਿੱਲ ਸਬਿਤ ਹੋਵੇਗਾ। ਉਨ੍ਹਾ ਕਿਹਾ ਕਿ ਆਪਣੇ ਨਿੱਜੀ ਹਿੱਤਾਂ ਲਈ ਪੰਥ ਨੂੰ ਵਰਤਣ ਵਾਲੇ, ਆਪਣੇ ਰਾਜ ਵਿਚ ਬੇਅਦਬੀਆਂ ਕਰਵਾਉਣ ਵਾਲੇ, ਸਿੱਖਾਂ ਦੇ ਕਾਤਲ ਨੂੰ ਡੀ ਜੀ ਪੀ ਲਗਾਉਣ ਵਾਲੇ, ਰੇਤ, ਟਰਾਂਸਪੋਰਟ, ਸ਼ਰਾਬ ਅਤੇ ਡਰੱਗ ਮਾਫੀਆ ਨਾਲ ਸਾਂਝ ਰੱਖਣ ਵਾਲੇ ਕਦੀ ਵੀ ਅਕਾਲੀ ਦਲ ਦੇ ਵਾਰਿਸ ਨਹੀ ਹੋ ਸਕਦੇ ਹਨ। ਉਨ੍ਹਾ ਕਿਹਾ ਕਿ ਅਕਾਲੀ ਦਲ ਦੀ ਬੇੜੀ ਵਿਚ ਵੱਟੇ ਪਾਉਣ ਵਾਲਾ ਕੋਈ ਹੋਰ ਨਹੀਂ ਹੈ ਸਗੋਂ ਖੁਦ ਸੁਖਬੀਰ ਸਿੰਘ ਬਾਦਲ ਹੈ।
ਸੋਢੀ ਨੇ ਕਿਹਾ ਕਿ ਹਰ ਦੂਜੇ- ਤੀਜੇ ਦਿਨ ਬਾਦਲ ਦਲ ਦਾ ਇੱਕ ਬੰਦਾ ਨਸ਼ਿਆ ਦੇ ਕੇਸ ਵਿੱਚ ਫੜਿਆ ਜਾਂਦਾ ਹੈ। ਬੀਂਤੇ ਦਿਨੀਂ ਇਕ ਅਕਾਲੀ ਆਗੂ ਹੈਰੋਇਨ ਦੇ ਕੇਸ ਵਿੱਚ ਫੜ੍ਹਿਆ ਗਿਆ ਹੈ। ਸੋਢੀ ਨੇ ਕਿਹਾ ਕਿ ਅਜਿਹੇ ਲੋਕ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਲੀ ਦਲ ਦੇ ਕੁਰਬਾਨੀਆਂ ਭਰੇ ਇਤਹਾਸ ਨੂੰ ਮਿੱਟੀ ਵਿੱਚ ਰੋਲਣ ਦਾ ਕੰਮ ਕਰ ਰਹੇ ਹਨ। ਉਨ੍ਹਾ ਆਖਿਆ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਹਾਲ ਵਿਚ ਕਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਬਾਦਲ ਪਰਿਵਾਰ ਨੇ ਹੀ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਸਿੱਧੇ ਗੱਲਬਾਤ ਕਰਨ ਤੋ ਰੋਕਿਆ ਸੀ।