ਲੁਧਿਆਣਾ, 3 ਜੂਨ 2020 – ਬੀਤੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਗਰਮੀ ਤੋਂ ਪੰਜਾਬ ਦੇ ਲੋਕਾਂ ਨੂੰ ਹੁਣ ਕੁਝ ਰਾਹਤ ਮਿਲੀ ਹੈ। ਪੱਛਮੀ ਚੱਕਰਵਾਤ ਕਰਕੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਦੇ ਨਾਲ ਤੇਜ਼ ਹਵਾਵਾਂ ਅਤੇ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਮੁਤਾਬਕ ਆਉਂਦੇ ਦਿਨਾਂ ਚ ਮੌਸਮ ਅਜਿਹਾ ਹੀ ਰਹੇਗਾ ਅਤੇ 5 ਜੂਨ ਤੱਕ ਬੱਦਲਵਾਈ ਕਈ ਥਾਵਾਂ ਤੇ ਮੀਂਹ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਦੱਸਿਆ ਕਿ ਮੌਸਮ ਚ ਲਗਾਤਾਰ ਤਬਦੀਲੀ ਆ ਰਹੀ ਹੈ ਅਤੇ ਪੱਛਮੀ ਚੱਕਰਵਾਤ ਕਰਕੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਹਲਕਾ ਤੇ ਦਰਮਿਆਨਾ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਨੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੋਂ ਇਹ ਸਿਸਟਮ ਸ਼ੁਰੂ ਹੋਇਆ ਹੈ ਅਤੇ ਆਉਂਦੀ ਪੰਜ ਜੂਨ ਤੱਕ ਇਸੇ ਤਰ੍ਹਾਂ ਇਹ ਸਿਸਟਮ ਜਾਰੀ ਰਹੇਗਾ ਨਾਲ ਹੀ ਪਾਰੇ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਆਮ ਨਾਲੋਂ 5-6 ਡਿਗਰੀ ਟੈਂਪਰੇਚਰ ਹੇਠਾਂ ਡਿੱਗਾ ਹੈ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਕੁਝ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮੌਨਸੂਨ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਆਈਐਮਡੀ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਦੇ ਵਿੱਚ ਮੌਨਸੂਨ ਦੀ ਆਮਦ ਹੋ ਗਈ ਹੈ।