ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੇ ਸਿਹਤ ਖੇਤਰ ਦਾ ਮਾਣ ਵਧਿਆ ਹੈ ਅਤੇ ਅਗਨੀ ਪ੍ਰੀਖਿਆ ’ਚ ਸਫ਼ਲ ਰਹਿਣ ਨਾਲ ਦੁਨੀਆ ’ਚ ਇਸ ਨੂੰ ਲੈ ਕੇ ਭਰੋਸਾ ਕਈ ਗੁਣਾ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਿਹਤ ਸੇਵਾਵਾਂ ਨੂੰ ਸਸਤਾ ਅਤੇ ਹਰੇਕ ਤੱਕ ਪਹੁੰਚਾਉਣ ਲਈ ਅਗਲੇ ਪੱਧਰ ਤੱਕ ਲੈ ਕੇ ਜਾਣ ਦੀ ਲੋੜ ਹੈ। ਸ੍ਰੀ ਮੋਦੀ ਨੇ ਸਿਹਤ ਖੇਤਰ ’ਚ ਕੇਂਦਰੀ ਬਜਟ ’ਚ ਕੀਤੇ ਗਏ ਪ੍ਰਬੰਧਾਂ ਨੂੰ ਢੁੱਕਵੇਂ ਢੰਗ ਨਾਲ ਲਾਗੂ ਕਰਨ ਸਬੰਧੀ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਖੇਤਰ ਲਈ ਚੋਖਾ ਬਜਟ ਰੱਖਿਆ ਗਿਆ ਹੈ ਅਤੇ ਇਹ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਸਿਰਫ਼ ਇਲਾਜ ’ਤੇ ਨਹੀਂ ਸਗੋਂ ਵੈਲਨੈੱਸ ’ਤੇ ਵੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਸਿਹਤਮੰਦ ਬਣਾਈ ਰੱਖਣ ਲਈ ਸਰਕਾਰ ਚਾਰ ਮੋਰਚਿਆਂ ’ਤੇ ਇਕੋ ਵੇਲੇ ਕੰਮ ਕਰ ਰਹੀ ਹੈ-ਬਿਮਾਰੀ ਦੀ ਰੋਕਥਾਮ ਅਤੇ ਸਿਹਤਯਾਬੀ ਨੂੰ ਬਿਹਤਰ ਬਣਾਉਣਾ, ਸਾਰਿਆਂ ਲਈ ਸਸਤੀ ਸਿਹਤ ਸੇਵਾ ਯਕੀਨੀ ਬਣਾਉਣਾ, ਸਿਹਤ ਸੇਵਾ ਸਬੰਧੀ ਬੁਨਿਆਦੀ ਢਾਂਚੇ ਦੀ ਗੁਣਵੱਤਾ ’ਚ ਵਾਧਾ ਅਤੇ ਮੁਸ਼ਕਲਾਂ ਦੇ ਟਾਕਰੇ ਲਈ ਮਿਸ਼ਨ ਮੋਡ ’ਚ ਕੰਮ ਕਰਨਾ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲਾ ਵਰ੍ਹਾ ਇਕ ਤਰ੍ਹਾਂ ਨਾਲ ਦੇਸ਼-ਦੁਨੀਆ, ਪੂਰੀ ਮਨੁੱਖਤਾ ਅਤੇ ਖਾਸ ਕਰਕੇ ਸਿਹਤ ਖੇਤਰ ਲਈ ਇਕ ਤਰ੍ਹਾਂ ਨਾਲ ਅਗਨੀ ਪ੍ਰੀਖਿਆ ਵਾਲਾ ਸੀ। ‘ਅਸੀਂ ਕਈ ਜ਼ਿੰਦਗੀਆਂ ਬਚਾਉਣ ’ਚ ਕਾਮਯਾਬ ਰਹੇ।’ ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਦੇ ਅੰਦਰ ਹੀ ਮੁਲਕ ’ਚ ਕਰੀਬ ਢਾਈ ਹਜ਼ਾਰ ਲੈਬਾਰਟਰੀਆਂ ਦਾ ਨੈੱਟਵਰਕ ਖੜ੍ਹਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਨੇ ਇਹ ਸਬਕ ਦਿੱਤਾ ਹੈ ਕਿ ਸਿਰਫ਼ ਅੱਜ ਹੀ ਮਹਾਮਰੀ ਨਾਲ ਨਹੀਂ ਲੜਨਾ ਹੈ ਸਗੋਂ ਭਵਿੱਖ ’ਚ ਆਉਣ ਵਾਲੇ ਅਜਿਹੇ ਕਿਸੇ ਵੀ ਹਾਲਾਤ ਲਈ ਵੀ ਮੁਲਕ ਨੂੰ ਤਿਆਰ ਕਰਨਾ ਹੈ।