ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੂੰ ਹਥਿਆਰ ਤੇ ਫ਼ੌਜੀ ਸਾਜ਼ੋ-ਸਾਮਾਨ ਬਣਾਉਣ ਦਾ ਪੁਰਾਣਾ ਤਜਰਬਾ ਹੈ, ਪਰ ਆਜ਼ਾਦੀ ਮਗਰੋਂ ਦੇਸ਼ ਦੀ ਇਸ ਸਮਰੱਥਾ ਨੂੰ ਮਜ਼ਬੂਤ ਨਹੀਂ ਕੀਤਾ ਗਿਆ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਰੱਖਿਆ ਉਤਪਾਦਨ ਵਿੱਚ ਆਪਣੀ ਸਮਰਥਾਵਾਂ ਨੂੰ ਤੇਜ਼ ਗਤੀ ਨਾਲ ਵਧਾਉਣ ਲਈ ਵਚਨਬੱਧ ਹੈ। ਕੇਂਦਰੀ ਬਜਟ ਵਿੱਚ ਰੱਖਿਆ ਸੈਕਟਰ ਲਈ ਕੀਤੀਆਂ ਵਿਵਸਥਾਵਾਂ ਨੂੰ ਕਾਰਗਰ ਤੇ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਬਾਰੇ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਰੱਖਿਆ ਸੈਕਟਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਕੀਤੇ ਉਪਰਾਲਿਆਂ ਬਾਰੇ ਵੀ ਦੱਸਿਆ। ਸ੍ਰੀ ਮੋਦੀ ਨੇ ਕਿਹਾ, ‘‘ਭਾਰਤ ਜਿਹੜਾ ਮੰਗਲ ਗ੍ਰਹਿ ਤੱਕ ਪੁੱਜ ਸਕਦਾ ਹੈ, ਆਧੁੁਨਿਕ ਹਥਿਆਰ ਬਣਾਉਣ ਦੇ ਸਮਰੱਥ ਹੈ, ਉਸ ਲਈ ਵਿਦੇਸ਼ਾਂ ਤੋਂ ਹਥਿਆਰ ਦਰਾਮਦ ਕਰਨੇ ਕਿਤੇ ਸੌਖੇ ਹਨ, ਪਰ ਭਾਰਤ ਹੁਣ ਇਸ ਹਾਲਾਤ ਨੂੰ ਬਦਲਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ ਤੇ ਆਪਣੀਆਂ ਸਮਰਥਾਵਾਂ ਨੂੰ ਤੇਜ਼ ਰਫ਼ਤਾਰ ਨਾਲ ਵਧਾਉਣ ਲਈ ਦ੍ਰਿੜ ਹੈ।’