ਸ੍ਰੀਨਗਰ – ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਜੰਮੂ ਤੇ ਕਸ਼ਮੀਰ ਮਸਲੇ ਨੂੰ ਗੱਲਬਾਤ ਨਾਲ ਹੀ ਹੱਲ ਕਰ ਸਕਦੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਸਲੇ ਨੂੰ ਜੰਗ ਜਾਂ ਬੰਦੂਕਾਂ ਨਾਲ ਨਹੀਂ ਸੁਲਝਾਇਆ ਜਾ ਸਕਦਾ। ਮਹਿਬੂਬਾ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਸੰਵਾਦ ਦੇ ਅਮਲ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਮੁਫ਼ਤੀ ਨੇ ਇਹ ਟਿੱਪਣੀਆਂ ਲੰਘੇ ਦਿਨੀਂ ਦਹਿਸ਼ਤੀ ਹਮਲੇ ’ਚ ਸ਼ਹੀਦ ਹੋਏ ਪੁਲੀਸ ਕਾਂਸਟੇਬਲ ਦੇ ਪਰਿਵਾਰ ਨਾਲ ਦੁਖ਼ ਸਾਂਝਾ ਕਰਨ ਮਗਰੋਂ ਕੀਤੀਆਂ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ ਪਿਛਲੇ ਕਈ ਸਾਲਾਂ ਤੋਂ (ਦਹਿਸ਼ਤੀ ਹਮਲਿਆਂ ਵਿੱਚ) ਜਾ ਰਹੀਆਂ ਜਾਨਾਂ ’ਤੇ ਉਨ੍ਹਾਂ ਨੂੰ ਅਫ਼ਸੋਸ ਹੈ, ਪਰ ਕੇਂਦਰ ਸਰਕਾਰ ਨੂੰ ਇਸ ਸਭ ਕਾਸੇ ਦੀ ਕੋਈ ਫਿਕਰ ਨਾ ਹੋਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੇਕਰ ਚੀਨ ਨਾਲ ਗੱਲਬਾਤ ਕਰ ਸਕਦਾ ਹੈ ਤਾਂ ਇਸ ਨੂੰ ਪਾਕਿਸਤਾਨ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਮੁਫ਼ਤੀ ਨੇ ਕਿਹਾ, ‘ਚੀਨ ਸਾਡੇ ਇਲਾਕੇ ’ਚ ਦਾਖ਼ਲ ਹੋਇਆ ਤੇ ਸਾਡੇ 20 ਤੋਂ ਵੱਧ (ਥਲ ਸੈਨਾ ਦੇ) ਜਵਾਨਾਂ ਨੂੰ ਮਾਰ ਮੁਕਾਇਆ। ਪਰ ਇਸ ਦੇ ਬਾਵਜੂਦ ਉਨ੍ਹਾਂ ਨਾਲ ਸੰਵਾਦ ਹੋ ਰਿਹੈ, ਜੋ ਚੰਗੀ ਗੱਲ ਹੈ। ਦਰਜਨਾਂ ਵਾਰ ਗੱਲਬਾਤ ਕਰਨ ਮਗਰੋਂ ਹੁਣ ਮਸਲੇ ਦਾ ਹੱਲ ਵੇਖਿਆ ਜਾ ਸਕਦਾ ਹੈ।’ ਪੀਡੀਪੀ ਮੁਖੀ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ, ਭਾਰਤ ਤੇ ਪਾਕਿਸਤਾਨ ਦਰਮਿਆਨ ‘ਜੰਗ ਦਾ ਮੈਦਾਨ’ ਬਣ ਗਿਆ ਹੈ ਤੇ ਦੋਵਾਂ ਮੁਲਕਾਂ ਵਿੱਚ ਲੋਕਾਂ, ਪੁਲੀਸ ਮੁਲਾਜ਼ਮਾਂ, ਆਮ ਲੋਕਾਂ ਤੇ ਸੁਰੱਖਿਆ ਅਮਲੇ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਜੰਗ ਇਸ ਮਸਲੇ ਦਾ ਹੱਲ ਨਹੀਂ।’