ਕੈਲੀਫੋਰਨੀਆ – ਨਿਊਯਾਰਕ ਦੀ ਸਬਵੇਅ ਲਾਈਨ ਵਿੱਚ ਛੁਰੇਮਾਰੀ ਦੀਆਂ ਤਕਰੀਬਨ 24 ਘੰਟਿਆਂ ਦੌਰਾਨ ਹੋਈਆਂ ਚਾਰ ਵੱਖ ਵੱਖ ਵਾਰਦਾਤਾਂ ਵਿੱਚ ਦੋ ਮੌਤਾਂ ਹੋਈਆਂ ਹਨ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਸ਼ਨੀਵਾਰ ਦੇਰ ਰਾਤ ਇਸ ਵਾਰਦਾਤ ਲਈ ਹਿਰਾਸਤ ਵਿੱਚ ਵੀ ਲਿਆ ਗਿਆ, ਜਦਕਿ ਵਿਅਕਤੀ ਖਿਲਾਫ ਦੋਸ਼ ਲਗਾਉਣੇ ਅਜੇ ਵੀ ਬਾਕੀ ਹਨ। ਨਿਊਯਾਰਕ ਪੁਲਿਸ ਵਿਭਾਗ ਦੇ ਕਮਿਸ਼ਨਰ ਦਰਮਾਟ ਸ਼ੀਆ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਲਾਈਨ ਏ ਵਿੱਚ ਵਾਪਰੀਆਂ ਇਹਨਾਂ ਘਟਨਾਵਾਂ ਵਿੱਚ ਘੱਟੋ ਘੱਟ ਤਿੰਨ ਆਪਸ ਵਿੱਚ ਸੰਬੰਧਿਤ ਲੱਗਦੀਆਂ ਹਨ, ਅਤੇ ਚੌਥੀ ਘਟਨਾ ਦੇ ਸੰਬੰਧਿਤ ਹੋਣ ਬਾਰੇ ਕਾਰਵਾਈ ਹੋ ਰਹੀ ਹੈ। ਪੁਲਿਸ ਅਨੁਸਾਰ ਛੁਰੇਮਾਰੀ ਦੀ ਪਹਿਲੀ ਘਟਨਾ ਸ਼ੁੱਕਰਵਾਰ ਸਵੇਰੇ 11:20 ਵਜੇ ਵਾਪਰੀ, ਜਿਸ ‘ਚ ਇੱਕ 67 ਸਾਲਾ ਵਿਅਕਤੀ ਨੂੰ ਅਣਪਛਾਤੇ ਵਿਅਕਤੀ ਨੇ ਮੈਨਹੱਟਨ ਸਟੇਸ਼ਨ ਦੀ ਪੱਛਮੀ 181ਵੀਂ ਸਟ੍ਰੀਟ ‘ਤੇ ਚਾਕੂ ਮਾਰ ਦਿੱਤਾ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਸਦੇ ਬਾਅਦ ਰਾਤ 11 ਵਜੇ ਤੋਂ ਥੋੜ੍ਹੀ ਦੇਰ ਬਾਅਦ, ਕੁਈਨਜ਼ ਦੇ ਫਰ ਰੌਕਾਵੇ ਮੋਂਟ ਐਵੀਨਿਊ ਸਟੇਸ਼ਨ ‘ਤੇ ਇਕ ਵਿਅਕਤੀ ਨੂੰ ਰੇਲ ਵਿੱਚ ਚਾਕੂ ਦੇ ਜ਼ਖਮਾਂ ਨਾਲ ਪੀੜਤ ਹੋਣ ਦੇ ਬਾਅਦ ਘਟਨਾ ਵਾਲੀ ਥਾਂ ‘ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਉਪਰੰਤ ਦੋ ਘੰਟੇ ਬਾਅਦ, ਸ਼ਨੀਵਾਰ ਸ਼ਨੀਵਾਰ ਰਾਤ 1:30 ਵਜੇ, ਇੱਕ ਐਮ ਟੀ ਏ ਕਰਮਚਾਰੀ ਨੇ ਇੱਕ 44 ਸਾਲਾ ਔਰਤ ਨੂੰ ਚਾਕੂਆਂ ਦੇ ਜ਼ਖਮਾਂ ਨਾਲ ਰੇਲਗੱਡੀ ‘ਤੇ ਬੇਹੋਸ਼ ਹੋਇਆ ਪਾਇਆ, ਜਿਸਨੂੰ ਨੇੜਲੇ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਇਸਦੇ ਇਲਾਵਾ ਚੌਥੀ ਘਟਨਾ ਮੈਨਹੱਟਨ ਦੇ ਵੈਸਟ 181 ਵੇਂ ਸਟ੍ਰੀਟ ਸਟੇਸ਼ਨ ‘ਤੇ ਵਾਪਰੀ, ਜਿੱਥੇ ਇੱਕ 43 ਸਾਲਾ ਵਿਅਕਤੀ ਨੂੰ ਚਾਕੂ ਮਾਰਿਆ ਗਿਆ।ਪੁਲਿਸ ਅਨੁਸਾਰ ਮਾਰੇ ਗਏ ਸਾਰੇ ਲੋਕ ਬੇਘਰ ਹੋਣ ਦੀ ਸੰਭਾਵਨਾ ਹੈ ਅਤੇ ਕਮਿਸ਼ਨਰ ਸ਼ੀਆ ਨੇ ਦੱਸਿਆ ਕਿ ਇਸ ਮਾਰੂ ਹਿੰਸਾ ਦੇ ਮੱਦੇਨਜ਼ਰ, ਪੁਲਿਸ ਵਿਭਾਗ ਵੱਲੋਂ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਦੀ ਸੁਰੱਖਿਆ ਲਈ 500 ਹੋਰ ਅਧਿਕਾਰੀ ਤਾਇਨਾਤ ਕੀਤੇ ਜਾਣਗੇ ।