ਗੁਰਦਾਸਪੁਰ, 2 ਜੂਨ 2020 – ਬੀਤੀ ਦੇਰ ਰਾਤ ਡੇਰਾ ਬਾਬਾ ਨਾਨਕ ਤੋਂ ਬਟਾਲਾ ਰੋਡ ਤੇ ਪੈਂਦੇ ਕਸਬਾ ਕੋਟਲੀ ਸੂਰਤ ਮੱਲ੍ਹੀ ਦੇ ਪਿੰਡ ਢਿਲਵਾਂ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਦੇਰ ਰਾਤ ਕਰੀਬ ਸਾਢੇ 10 ਵਜੇ ਵਾਪਰੇ ਇਸ ਹਾਦਸੇ ਦੌਰਾਨ ਮਰਨ ਵਾਲੇ 4 ਲੋਕਾਂ ਦੀ ਉਮਰ 18 ਤੋਂ 20 ਸਾਲ ਦੀ ਦੱਸੀ ਜਾ ਰਹੀ ਹੈ ਅਤੇ ਇਹ ਲੋਕ ਪਿੰਡ ਮਾਨ ਖਹਿਰਾ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਵਿਆਹ ਸਮਾਗਮ ਵਿੱਚ ਸ਼ਰੀਕ ਹੋਣ ਆਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਚਾਰੇ ਲੋਕ ਵਿਆਹ ਸਬੰਧੀ ਸ਼ਾਪਿੰਗ ਕਰ ਕੇ ਵਾਪਸ ਮਾਨ ਖਹਿਰਾ ਪਰਤ ਰਹੇ ਸਨ। ਮਰਨ ਵਾਲਿਆਂ ਵਿੱਚ ਦੋ ਸੈਨਾ ਦੇ ਜਵਾਨ ਵੀ ਸ਼ਾਮਿਲ ਹਨ, ਜੋ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਛੁੱਟੀ ਤੇ ਆਏ ਹੋਏ ਸਨ। ਮਰਨ ਵਾਲਿਆਂ ਦੀ ਪਹਿਚਾਣ ਨਵਪ੍ਰੀਤ ਸਿੰਘ ਵਾਸੀ ਪਿੰਡ ਮਾਨ ਖਹਿਰਾ, ਜਸ਼ਨ ਵਾਸੀ ਪਿੰਡ ਗ਼ਾਜ਼ੀ ਨੰਗਲ, ਗੁਰਜੀਤ ਸਿੰਘ ਵਾਸੀ ਵੱਲਾ (ਜ਼ਿਲ੍ਹਾ ਅੰਮ੍ਰਿਤਸਰ) ਅਤੇ ਦਿਲਪ੍ਰੀਤ ਸਿੰਘ ਵਾਸੀ ਸ਼ਿਕਾਰ ਮਾਛੀਆਂ, ਡੇਰਾ ਬਾਬਾ ਨਾਨਕ ਦੇ ਰੂਪ ਵਿੱਚ ਹੋਈ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਏ.ਐੱਸ.ਆਈ ਅਮਰਜੀਤ ਮਸੀਹ ਨੇ ਦੱਸਿਆ ਕਿ ਇਹ ਹਾਦਸਾ ਮ੍ਰਿਤਕਾਂ ਵੱਲੋਂ ਇੱਕ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿੱਚ ਵਾਪਰਿਆ ਹੈ। ਜਿਸ ਦੌਰਾਨ ਮ੍ਰਿਤਕਾਂ ਦੀ ਕਾਰ ਅਸੰਤੁਲਿਤ ਹੋ ਕੇ ਸੜਕ ਕਿਨਾਰੇ ਇੱਟਾਂ ਦੇ ਭੱਠੇ ਦੀ ਕੰਧ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਜਦੋਂ ਤੱਕ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਿਸ ਘਟਨਾ ਸਥਾਨ ਤੇ ਪਹੁੰਚੀ, ਓਦੋਂ ਤੱਕ 2 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਅਤੇ ਬਾਕੀ ਦੇ ਦੋ ਨੌਜਵਾਨਾਂ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਹਾਦਸਾ ਐਨਾ ਜ਼ਬਰਦਸਤ ਸੀ ਕੀ ਮ੍ਰਿਤਕਾਂ ਦੀ ਕਾਰ ਦੇ ਪਰਖੱਚੇ ਉੱਡ ਗਏ।
ਉੱਥੇ ਦੂਜੇ ਪਾਸੇ ਸਿਵਲ ਹਸਪਤਾਲ ਸਿਵਲ ਹਸਪਤਾਲ, ਬਟਾਲਾ ਦੇ ਡਾਕਟਰਾਂ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਚਾਰਾਂ ਨੌਜਵਾਨਾਂ ਦੀ ਮੌਤ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਫ਼ਿਲਹਾਲ ਅਗਲੇਰੀ ਕਰਵਾਈ ਲਈ ਚਾਰਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਰੂਰੀ ਕਾਰਵਾਈ ਕਰਨ ਮਗਰੋਂ ਮ੍ਰਿਤਕ ਦੇਹਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।