ਸਰੀ, 2 ਜੂਨ 2020 – ਬੀ.ਸੀ. ਦੀ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਅਜੇ ਵੀ ਕੋਵਿਡ -19 ਵਾਇਰਸ ਸਾਡੇ ਆਸ ਪਾਸ ਮੌਜੂਦ ਹੈ ਅਤੇ ਅਸੀਂ ਇਸ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਏ। ਪਿਛਲੇ ਦੋ ਦਿਨਾਂ ਵਿਚ ਇਸ ਵਾਇਰਸ ਦੇ 24 ਨਵੇਂ ਕੇਸਾਂ ਦੀ ਪੁਸ਼ਟੀ ਹੋਣਾ ਅਤੇ ਇਕ ਮੌਤ ਹੋਣੀ ਇਸ ਦਾ ਪ੍ਰਤੱਖ ਸਬੂਤ ਹੈ।
ਡਾ. ਹੈਨਰੀ ਨੇ ਦੱਸਿਆ ਕਿ ਬੀ.ਸੀ. ਵਿਚ ਹੁਣ ਤੱਕ ਦੇ ਕੋਵਿਡ-19 ਦੇ ਕੁੱਲ 2,597 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 165 ਮੌਤਾਂ ਹੋਈਆਂ ਹਨ। ਸੂਬੇ ਵਿਚ ਇਸ ਸਮੇਂ ਵਾਇਰਸ ਦੇ 224 ਸਰਗਰਮ ਕੇਸ ਹਨ, 32 ਮਰੀਜ਼ ਇਸ ਵੇਲੇ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 5 ਆਈਸੀਯੂ ਵਿਚ ਹਨ।
ਇਸੇ ਦੌਰਾਨ ਪ੍ਰਾਪਤ ਅੰਕੜਿਆਂ ਅਨੁਸਾਰ ਕੈਨੇਡਾ ਭਰ ਵਿਚ ਇਸ ਵਾਇਰਸ ਨਾਲ 91,705 ਲੋਕ ਪੀੜਤ ਹੋਏ ਹਨ ਅਤੇ 7,326 ਮੌਤਾਂ ਹੋ ਚੁੱਕੀਆਂ ਹਨ। ਕਿਊਬਿਕ ਵਿਚ ਸਭ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਜਿੱਥੇ ਤਾਜ਼ਾ ਸਥਿਤੀ ਅਨੁਸਾਰ ਕੁੱਲ 34,757 ਕੇਸ ਅਜੇ ਵੀ ਸਰਗਰਮ ਹਨ ਅਤੇ 4,661 ਮੌਤਾਂ ਹੋਈਆਂ ਹਨ। ਓਨਟਾਰੀਓ ਵਿਚ 6,470 ਕੇਸ ਐਕਵਿਟ ਹਨ ਅਤੇ 2,276 ਮੌਤਾਂ ਹੋ ਚੁੱਕੀਆਂ ਹਨ। ਅਲਬਰਟਾ ਵਿਚ 143 ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਅਤੇ 543 ਲੋਕ ਅਜੇ ਵੀ ਪੀੜਤ ਹਨ।