ਕੈਲੀਫੋਰਨੀਆਂ – ਕੈਲੀਫੋਰਨੀਆਂ ਸੂਬੇ ਵਿੱਚ ਕੋਵੀਡ -19 ਟੀਕਾਕਰਨ ਨੂੰ ਤੇਜ਼ ਕਰਨ ਦੇ ਯਤਨਾਂ ਤਹਿਤ ਰਾਜ ਵਿੱਚ ਦੰਦਾਂ ਦੇ ਡਾਕਟਰਾਂ ਦੁਆਰਾ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਲਈ ਹਰੀ ਝੰਡੀ ਦਿੱਤੀ ਗਈ ਹੈ। ਇਸ ਸੰਬੰਧੀ ਸੋਮਵਾਰ ਨੂੰ, ਕੈਲੀਫੋਰਨੀਆਂ ਦੇ ਖਪਤਕਾਰ ਵਿਭਾਗ ਨੇ ਪਬਲਿਕ ਸਿਹਤ ਐਮਰਜੈਂਸੀ ਤਹਿਤ ਇੱਕ ਆਰਡਰ ਨੂੰ ਪ੍ਰਵਾਨਗੀ ਦਿੱਤੀ ਹੈ ਜੋ ਕਿ ਦੰਦਾਂ ਦੇ ਡਾਕਟਰਾਂ ਨੂੰ ਅਧਿਕਾਰਤ ਤੌਰ ‘ਤੇ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰੀਜ਼ਾਂ ਨੂੰ ਕੋਰੋਨਾ ਟੀਕੇ ਲਗਾਉਣ ਦੀ ਆਗਿਆ ਦੇਵੇਗਾ। ਇਸ ਆਰਡਰ ਦੇ ਦਾਇਰੇ ਵਿੱਚ ਕੰਮ ਕਰਨ ਵਾਲੇ ਦੰਦਾਂ ਦੇ ਡਾਕਟਰ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਸੁਤੰਤਰ ਰੂਪ ਵਿੱਚ ਕੋਈ ਵੀ ਕੋਵਿਡ -19 ਟੀਕਾ ਜੋ ਕਿ ਐੱਫ ਡੀ ਏ ਦੁਆਰਾ ਪ੍ਰਵਾਨਿਤ ਜਾਂ ਅਧਿਕਾਰਤ ਹੈ, ਨੂੰ ਨਿਰੰਤਰ ਤੌਰ ਤੇ ਅਰੰਭ ਕਰ ਸਕਦੇ ਹਨ । ਇਸਦੇ ਇਲਾਵਾ ਆਦੇਸ਼ਾਂ ਅਨੁਸਾਰ ਇਹ ਡਾਕਟਰ ਐਲਰਜੀ ਦੇ ਇਲਾਜ ਲਈ ਵੀ ਇੰਜੈਕਸ਼ਨ ਦੁਆਰਾ ਐਪੀਨੇਫ੍ਰਾਈਨ ਜਾਂ ਡਿਫੇਨਹਾਈਡ੍ਰਾਮਾਈਨ ਦੇ ਸਕਦੇ ਹਨ।ਇਹਨਾਂ ਪ੍ਰਵਾਨਗੀ ਦਿੱਤੇ ਗਏ ਹਕਮਾਂ ਦੇ ਅਨੁਸਾਰ ਮਰੀਜ਼ਾਂ ਨੂੰ ਟੀਕੇ ਲਗਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਦੰਦਾਂ ਦੇ ਡਾਕਟਰਾਂ ਨੂੰ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ) ਤੋਂ ਇੱਕ ਸਿਖਲਾਈ ਪ੍ਰੋਗਰਾਮ ਪੂਰਾ ਕਰਨ ਬਾਰੇ ਵੀ ਕਿਹਾ ਗਿਆ ਹੈ।ਕੈਲੀਫੋਰਨੀਆਂ ਡੈਂਟਲ ਐਸੋਸੀਏਸ਼ਨ ਦੇ ਅਨੁਸਾਰ,ਰਾਜ ਵਿੱਚ ਅੰਦਾਜ਼ਨ 36,000 ਦੰਦਾਂ ਦੇ ਡਾਕਟਰ ਹਨ, ਜੋ ਕਿ ਦੰਦਾਂ ਦੀ ਸਿੱਖਿਆ ਦੇ ਹਿੱਸੇ ਵਜੋਂ ਸਰੀਰਕ ਵਿਗਿਆਨ, ਪੈਥੋਲੋਜੀ,ਫਾਰਮਾਸੋਲੋਜੀ ਆਦਿ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।ਟੀਕਾਕਰਨ ਪ੍ਰਕਿਰਿਆ ਸੰਬੰਧੀ ਗਵਰਨਰ ਨਿਊਸਮ ਅਨੁਸਾਰ ਰਾਜ ਵਿੱਚ ਲੌਜਿਸਟਿਕ ਚੁਣੌਤੀਆਂ ਨੇ ਸ਼ੁਰੂਆਤੀ ਕੋਰੋਨਾਂ ਵਾਇਰਸ ਵੈਕਸੀਨ ਰੋਲ ਆਉਟ ਨੂੰ ਹੌਲੀ ਕਰ ਦਿੱਤਾ ਹੈ, ਅਤੇ ਹੁਣ ਤੱਕ ਕੈਲੀਫੋਰਨੀਆਂ ਦੇ ਲੱਗਭਗ 40 ਮਿਲੀਅਨ ਵਸਨੀਕਾਂ ਵਿੱਚੋਂ ਸਿਰਫ ਇੱਕ ਪ੍ਰਤੀਸ਼ਤ ਨੂੰ ਟੀਕਾ ਲਗਾਇਆ ਗਿਆ ਹੈ।ਇਸਦੇ ਨਾਲ ਹੀ ਕੈਲੀਫੋਰਨੀਆਂ ਪਬਲਿਕ ਹੈਲਥ ਵਿਭਾਗ ਨੇ ਦੱਸਿਆ ਕਿ ਸੂਬੇ ਵਿੱਚ ਵੈਕਸੀਨ ਦੀਆਂ 454,000 ਖੁਰਾਕਾਂ ਦਿੱਤੀਆਂ ਗਈਆਂ ਹਨ ।