ਅਮਰਾਵਤੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਦੱਸਿਆ ਕਿ ਭਾਰਤ ਤੇ ਚੀਨ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਦਰਮਿਆਨ ਲੱਦਾਖ ਮਸਲੇ ’ਤੇ ਨੌਂ ਗੇੜਾਂ ਵਿਚ ਸੰਵਾਦ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ ਵਿਚ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਨੂੰ ਸਰਹੱਦੀ ਇਲਾਕਿਆਂ ਵਿਚ ਪਿੱਛੇ ਹਟਾਉਣ ਲਈ ਗੱਲਬਾਤ ਅਗਾਂਹ ਵੀ ਜਾਰੀ ਰਹੇਗੀ। ਵਿਜੈਵਾੜਾ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਹਾਲੇ ਤੱਕ ਸੰਵਾਦ ’ਚ ਬਣੀ ਸਹਿਮਤੀ ਦਾ ਕੋਈ ‘ਭਾਵ ਜਾਂ ਸਮੀਕਰਨ’ ਜ਼ਮੀਨੀ ਪੱਧਰ ਉਤੇ ਨਜ਼ਰ ਨਹੀਂ ਆ ਰਿਹਾ। ਮੰਤਰੀ ਨੇ ਇਹ ਜਾਣਕਾਰੀ ਉਦੋਂ ਦਿੱਤੀ ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਲੱਦਾਖ ਮਸਲੇ ਉਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਵੀ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਇਕ ਗੁੰਝਲਦਾਰ ਮਾਮਲਾ ਹੈ ਤੇ ਇਸ ਬਾਰੇ ਫ਼ੈਸਲਾ ਫ਼ੌਜੀ ਕਮਾਂਡਰ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜ ਮਈ ਤੋਂ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਵਿਚਾਲੇ ਫ਼ੌਜੀ ਤੇ ਕੂਟਨੀਤਕ ਪੱਧਰ ’ਤੇ ਕਈ ਵਾਰ ਵਾਰਤਾ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਜੈਸ਼ੰਕਰ ਨੇ ਕਿਹਾ ‘ਸਾਨੂੰ ਲੱਗਦਾ ਸੀ ਕਿ ਕੋਈ ਬਦਲਾਅ ਆਇਆ ਹੈ, ਪਰ ਅਜਿਹਾ ਨਹੀਂ ਹੈ। ਇਹ ਜ਼ਮੀਨੀ ਪੱਧਰ ਉਤੇ ਕਿਤੇ ਨਜ਼ਰ ਨਹੀਂ ਆਇਆ।’ ਪਿਛਲੇ ਸਾਲ ਮਾਸਕੋ ਵਿਚ ਭਾਰਤ-ਚੀਨ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦਰਮਿਆਨ ਸਹਿਮਤੀ ਬਣੀ ਸੀ ਕਿ ਕੁਝ ਖੇਤਰਾਂ ’ਚ ਫ਼ੌਜਾਂ ਪਿੱਛੇ ਹਟਣਗੀਆਂ। ਹਾਲੀਆ ਕੇਂਦਰੀ ਬਜਟ ਬਾਰੇ ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ਲਈ ਅਹਿਮ ਵਾਧੂ ਤਜਵੀਜ਼ ਰੱਖੀ ਗਈ ਹੈ। ਪੂੰਜੀ ਖ਼ਰਚ ਵਿਚ 18 ਫ਼ੀਸਦ ਦਾ ਵਾਧਾ ਕੀਤਾ ਗਿਆ ਹੈ ਜੋ ਕਿ ਪਿਛਲੇ 15 ਸਾਲ ਵਿਚ ਸਭ ਤੋਂ ਵੱਧ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਮਹਾਮਾਰੀ ਕਾਰਨ ਅਰਬ ਮੁਲਕਾਂ ਤੋਂ ਵਾਪਸ ਆਏ ਭਾਰਤੀ ਵਰਕਰ ਹੁਣ ਵਾਪਸ ਮੁੜ ਰਹੇ ਹਨ।