ਅਹਿਮਦਾਬਾਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀ ਨਿਆਂਪਾਲਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਅਤੇ ਨਿੱਜੀ ਆਜ਼ਾਦੀ ਕਾਇਮ ਰੱਖਣ ਦੇ ਆਪਣੇ ਫਰਜ਼ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ। ਉਨ੍ਹਾਂ ਅੱਜ ਗੁਜਰਾਤ ਹਾਈ ਕੋਰਟ ਦੇ 60 ਸਾਲ ਪੂਰੇ ਹੋਣ ਮੌਕੇ ਆਨਲਾਈਨ ਸਮਾਗਮ ਦੌਰਾਨ ਡਾਕ ਟਿਕਟ ਜਾਰੀ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਕਰੋਨਾਵਾਇਰਸ ਆਲਮੀ ਮਹਾਮਾਰੀ ਦੌਰਾਨ ਵੀ ਵੀਡੀਓ ਕਾਨਫਰੰਸ ਰਾਹੀਂ ਦੁਨੀਆ ’ਚ ਸਭ ਤੋਂ ਵੱਧ ਕੇਸਾਂ ਦੀ ਸੁਣਵਾਈ ਕੀਤੀ। ਉਨ੍ਹਾਂ ਕਿਹਾ, ‘ਹਰ ਦੇਸ਼ ਵਾਸੀ ਇਹ ਕਹਿ ਸਕਦਾ ਹੈ ਕਿ ਸਾਡੀ ਨਿਆਂਪਾਲਿਕਾ ਨੇ ਸਾਡੇ ਸੰਵਿਧਾਨ ਦੀ ਰਾਖੀ ਲਈ ਡਟ ਕੇ ਕੰਮ ਕੀਤਾ ਹੈ। ਸਾਡੀ ਨਿਆਂਪਾਲਿਕਾ ਨੇ ਆਪਣੀ ਸਕਾਰਾਤਮਕ ਵਿਆਖਿਆ ਰਾਹੀਂ ਸੰਵਿਧਾਨ ਨੂੰ ਮਜ਼ਬੂਤ ਕੀਤਾ ਹੈ।’ ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਮਿਸ਼ਨ ਦੀ ਬਦੌਲਤ ਦੇਸ਼ ਦੀ ਨਿਆਂ ਪ੍ਰਣਾਲੀ ਦਾ ਤੇਜ਼ੀ ਨਾਲ ਆਧੁਨਿਕੀਕਰਨ ਹੋ ਰਿਹਾ ਹੈ ਅਤੇ 18 ਹਜ਼ਾਰ ਤੋਂ ਵੱਧ ਅਦਾਲਤਾਂ ਦਾ ਕੰਪਿਊਟਰੀਕਰਨ ਹੋ ਚੁੱਕਾ ਹੈ। ਮੋਦੀ ਨੇ ਗੁਜਰਾਤ ਹਾਈ ਕੋਰਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਸੱਚ ਤੇ ਨਿਆਂ ਲਈ ਜਿਸ ਸਿਰੜ ਨਾਲ ਕੰਮ ਕੀਤਾ ਹੈ ਅਤੇ ਆਪਣੇ ਸੰਵਿਧਾਨਕ ਫਰਜ਼ਾਂ ਲਈ ਜੋ ਇੱਛਾ ਦਿਖਾਈ ਹੈ, ਉਸ ਨਾਲ ਭਾਰਤੀ ਨਿਆਂ ਪ੍ਰਣਾਲੀ ਤੇ ਭਾਰਤੀ ਲੋਕਤੰਤਰ ਦੋਵੇਂ ਮਜ਼ਬੂਤ ਹੋਏ ਹਨ।