18 ਸਾਲ ਦੀ ਉਮਰ ਪੂਰੀ ਕਰ ਚੁੱਕਾ ਕੋਈ ਵੀ ਨਾਗਰਿਕ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ: ਡਿਪਟੀ ਕਮਿਸ਼ਨਰ
ਸੰਗਰੂਰ, 14 ਅਕਤੂਬਰ, 2021: ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01-01-2022 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 01 ਨਵੰਬਰ 2021 ਤੋਂ 30 ਨਵੰਬਰ 2021 ਤੱਕ ਕੀਤਾ ਜਾਣਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।
ਸ੍ਰੀ ਰਾਮਵੀਰ ਨੇ ਦੱਸਿਆ ਕਿ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਹਰੇਕ ਨੌਜਵਾਨ ਦੀ ਵੋਟ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਜ਼ਿਨ੍ਹਾ ਵਿਅਕਤੀਆਂ ਦੀ ਉਮਰ 18 ਸਾਲ ਪੂਰੀ ਹੋ ਗਈ ਹੈ ਅਤੇ ਅਜੇ ਤੱਕ ਵੋਟ ਨਹੀਂ ਬਣੀ, ਉਹ ਆਪਣੀ ਵੋਟ ਬਣਵਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਬਿਨੈਕਾਰ ਵੱਲੋਂ ਫਾਰਮ ਨੰਬਰ 7, ਵੋਟਰ ਕਾਰਡ/ਵੋਟਰ ਸੂਚੀ ਵਿਚ ਕਿਸੇ ਕਿਸਮ ਦੀ ਦਰੁੱਸਤੀ ਲਈ ਬਿਨੈਕਾਰ ਵੱਲੋਂ ਦਰੁਸਤੀ ਕਰਵਾਉਣ ਸਬੰਧੀ ਫਾਰਮ ਨੰਬਰ 8 ਅਤੇ ਵਿਧਾਨ ਸਭਾ ਚੋਣ ਹਲਕੇ ਅੰਦਰ ਇਕ ਬੂਥ ਤੋਂ ਦੂਜੇ ਬੂਥ ਵਿਚ ਵੋਟ ਸ਼ਿਫਟ ਕਰਨ ਲਈ ਫਾਰਮ ਨੰਬਰ 8 ਓ ਸਮੇਤ ਦਸਤਾਵੇਜਾਂ ਭਰਿਆ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਬੀ.ਐਲ.ਓ ਦੁਆਰਾ ਮਿਤੀ 6, 7, 20 ਅਤੇ 21 ਨਵੰਬਰ 2021 ਨੂੰ ਹਰ ਤਰ੍ਹਾਂ ਦੇ ਫ਼ਾਰਮਾਂ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨਾਗਰਿਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ ਅਤੇ ਆਪਣੀ ਵੋਟ ਜ਼ਰੂਰ ਬਣਵਾਏ।