ਨਵੇਂ ਕੁਨੈਕਸ਼ਨ ਅਤੇ ਕੀਟਾਣੂ-ਰਹਿਤ ਯੂਨਿਟ ਦੀ ਸਥਾਪਨਾ ਨੇ ਹਰੇਕ ਘਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਇਆ
ਜਲੰਧਰ – ਪਿੰਡਾਂ ਵਿਚ 100 ਸੌ ਫੀਸਦੀ ਪੀਣ ਵਾਲਾ ਪਾਣੀ ਪੁੱਜਦਾ ਕਰਕੇ ‘ਹਰ ਘਰ ਪਾਣੀ, ਹਰ ਘਰ ਸਫਾਈ’ ਪ੍ਰੋਗਰਾਮ ਜ਼ਿਲ੍ਹੇ ਵਿੱਚ ਵਿਆਪਕ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ। ਮਹਿਤਪੁਰ ਵਿਕਾਸ ਬਲਾਕ ਦੇ ਪਿੰਡ ਇਸਮਾਇਲਪੁਰ ਵਿੱਚ ਇਸ ਪ੍ਰੋਗਰਾਮ ਨੂੰ ਵੱਡੀ ਸਫਲਤਾ ਮਿਲੀ ਹੈ ਕਿਉਂਜੋ ਪਿੰਡ ਦੇ ਸਮੁੱਚੇ ਘਰਾਂ ਨੂੰ ਕਾਰਜਸ਼ੀਲ ਟੂਟੀਆਂ ਦੇ ਕੁਨੈਕਸ਼ਨਾਂ ਨਾਲ ਜੋੜ ਦਿੱਤਾ ਗਿਆ ਹੈ ।ਜੂਨੀਅਰ ਇੰਜੀਨੀਅਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਸਾਫ਼ ਪਾਣੀ ਦੀ ਪਹੁੰਚ ਵਿੱਚ ਸੁਧਾਰ ਵਾਸਤੇ ਪਿੰਡ ਵਿਚ 4.15 ਲੱਖ ਰੁਪਏ ਦੀ ਲਾਗਤ ਨਾਲ ਇਕ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਜੈਕਟ ਅਧੀਨ ਕੀਟਾਣੂ-ਰਹਿਤ ਯੂਨਿਟ ਸਥਾਪਤ ਕਰਨ ਸਮੇਤ ਕਈ ਤਰ੍ਹਾਂ ਦੇ ਕੰਮ ਕੀਤੇ ਗਏ, ਜਿਸ ਨਾਲ ਪੀਣ ਵਾਲੇ ਪਾਣੀ ਦੀ ਨੂੰ ਸਾਫ਼ ਕਰਨ ਵਿੱਚ ਸਹਾਇਤਾ ਮਿਲੀ।ਉਨ੍ਹਾਂ ਦੱਸਿਆ ਕਿ ਪਾਣੀ ਦੇ ਭੰਡਾਰ ‘ਤੇ ਇੱਕ ਕਲੋਰੀਨੇਟਰ ਲਗਾਇਆ ਗਿਆ ਹੈ ਤਾਂ ਜੋ ਪਾਣੀ ਦੇ ਇੱਕ-ਇੱਕ ਬੂੰਦ ਨੂੰ ਘਰਾਂ ਵਿੱਚ ਸਪਲਾਈ ਹੋਣ ਤੋਂ ਪਹਿਲਾਂ ਕਲੋਰੀਨੇਟ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕੰਡਿਆਲੀ ਤਾਰਾਂ ਵਾਲੀ ਵਾੜ, ਪੋਲ, ਪੈਨਲ ਬੋਰਡ, ਪਲਿੰਥ ਪ੍ਰੋਟੈਕਸ਼ਨ ਅਤੇ ਆਟੋਮੈਟਿਕ ਆਨ-ਆਫ ਸਵਿੱਚ ਸਥਾਪਤ ਕਰਨ ਤੋਂ ਇਲਾਵਾ ਕਈ ਨਵੇਂ ਕੁਨੈਕਸ਼ਨ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਵੀਂ ਪਾਈਪ ਲਾਈਨ ਵਿਛਾ ਕੇ ਦੋ ਸਕੂਲਾਂ ਨੂੰ ਵੀ ਕਾਰਜਸ਼ੀਲ ਟੂਟੀਆਂ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕੀਤੇ ਗਏ ਹਨ।ਜੇ.ਈ. ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਮੂਹ ਪਿੰਡਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਪਿੰਡਾਂ ਵਿੱਚ ਵੀ ਅਜਿਹੇ ਪ੍ਰਾਜੈਕਟ ਚੱਲ ਰਹੇ ਹਨ, ਜਿਥੇ ਵਿਭਾਗ ਵੱਲੋਂ ਟੂਟੀ ਵਾਲੇ ਪਾਣੀ ਦੇ ਨਵੇਂ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਲੋਰੀਨੇਟਿਡ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਹੋਣ ਨਾਲ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਮੱਸਿਆ ਖਤਮ ਹੋ ਗਈ ਹੈ।ਪੇਂਡੂ ਘਰਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਉਣ ਦੇ ਸੂਬਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪਿੰਡ ਦੇ ਵਸਨੀਕ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰਾਜੈਕਟ ਪਿੰਡ ਲਈ ਵਰਦਾਨ ਸਾਬਤ ਹੋਇਆ ਹੈ ਕਿਉਂਕਿ ਇਸ ਨਾਲ ਇਲਾਕੇ ਦੀ ਗੰਦੇ ਪਾਣੀ ਦੀ ਸਮੱਸਿਆ ਖਤਮ ਹੋ ਗਈ ਹੈ।