ਬਠਿੰਡਾ, 01 ਜੂਨ 2020: ਪਾਵਰਕੌਮ ਦੇ ਸਾਂਝਾ ਫੋਰਮ ਪੰਜਾਬ ਦੇ ਸੱਦੇ ’ਤੇ ਨੈਸ਼ਨਲ ਕੁਅਰਡੀਨੇਟਰ ਕਮੇਟੀ ਆਫ ਇੰਪਲਾਈਜ਼ ਅਤੇ ਇੰਜੀਨੀਅਰਜ਼ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਅੱਜ ਸਿਰਕੀ ਬਜਾਰ ਸਥਿਤ ਪਾਵਰਕੌਮ ਦਫਤਰ ਮੂਹਰੇ ਬਿਜਲੀ ਮੁਲਾਜਮਾਂ ਨੇ ਸਰਕਾਰ ਵੱਲੋਂ ਬਿਜਲੀ ਸੋਧ ਬਿਲ 2020 ਦੇ ਲਏ ਫੈਸਲੇ ਨੂੰ ਲੈ ਕੇ ਰੋਸ ਰੈਲੀ ਕੀਤੀ। ਇਸ ਰੈਲੀ ਵਿੱਚ ਸ਼ਹਿਰ ਦੇ ਦਫਤਰ ਸਬ ਡਬੀਜਨ ਕਮਰਸੀਅਲ-2 ਅਤੇ ਸਬ ਡਬੀਜਨ ਟੈਕਨੀਕਲ 2 ਦੇ ਸਾਰੇ ਕਰਮਚਾਰੀਆਂ ਨੇ ਸੋਸਲ ਡਿਸਟੈਂਸ ਦਾ ਖਿਆਲ ਰੱਖਦੇ ਹੋਏ ਹਿੱਸਾ ਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਦੀਆਂ ਪਹਿਲਾਂ ਵਾਲੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਹੋਰ ਮਾਰੂ ਨੀਤੀਆਂ ਘੜ ਕੇ ਵਰਕਰਾਂ ਦਾ ਘਾਣ ਕਰਨ ’ਤੇ ਲੱਗੀ ਹੋਈ ਹੈ ਅਤੇ ਬਿਜਲੀ ਸੋਧ ਬਿਲ 2020 ਵਰਗੇ ਮਾਰੂ ਫੈਸਲੇ ਲਏ ਜਾ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸੋਧ ਬਿਲ 2020 ਦਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ, ਮੁਲਾਜਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਰਹਿੰਦੀਆਂ ਮੰਗਾਂ ਦਾ ਵੀ ਜਲਦੀ ਨਿਪਟਾਰਾ ਕੀਤਾ ਜਾਵੇ ।ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸਰਕਾਰ ਤੇ ਪਾਵਰਕੌਮ ਮੁਲਾਜਮਾਂ ਦੀਆਂ ਮੰਗਾਂ ਲਾਗੂ ਨਹੀਂ ਕਰਦੀ ਤਾਂ ਸੰਘਰਸ਼ ਤੇਜ ਕਰ ਦਿੱਤਾ ਜਾਵੇਗਾ ਜਿਸ ਵਿੱਚ 9 ਜੂਨ 2020 ਨੂੰ ਉਪ ਮੰਡਲਾਂ/ਮੰਡਲ ਦਫਤਰਾਂ ਮੂਹਰੇ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ, 10 ਜੂਨ ਤੋਂ 30 ਜੂਨ ਤੱਕ ਵਰਕ ਟੂ ਰੂਲ ਅਪਣਾਉਂਦੇ ਹੋਏ ਡਿੳੂਟੀਆਂ ਨਿਭਾਈਆਂ ਜਾਣਗੀਆਂ ਅਤੇ ਫੀਲਡ ਵਿੱਚ ਆਉਣ ਵਾਲੇ ਡਾਇਰੈਕਟਰਾਂ ਦਾ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਵਿਖਾਵਾ ਕੀਤਾ ਜਾਵੇਗਾ। ਇਸ ਰੈਲੀ ਨੂੰ ਆਗੂ ਮੋਹਨ ਲਾਲ, ਅਰੁਣ ਕੁਮਾਰ, ਕਾਂਤਾ ਪ੍ਰਸ਼ਾਦ,ਭੁਪਿੰਦਰ ਸੰਧੂ, ਹਰਦੇਵ ਸਿੰਘ, ਸੀਤਾ ਰਾਮ, ਸੰਜੀਵ ਕੁਮਾਰ, ਕਨਈਆ ਲਾਲ, ਹਰਪ੍ਰੀਤ ਸਿੰਘ, ਭੀਮ ਸੈਨ, ਹਰੀਸ਼ ਕੁਮਾਰ ਅਤੇ ਅਜੈਬ ਸਿੰਘ ਸੋਹਲ ਨੇ ਸੰਬੋਧਨ ਕੀਤਾ।