ਵਾਸ਼ਿੰਗਟਨ – ਅਮਰੀਕੀ ਸਪੇਸ ਏਜੰਸੀ ਨਾਸਾ ਦੀ ਪੁਲਾੜ ਗੱਡੀ ਧਰਤੀ ਤੋਂ ਟੇਕ ਆਫ ਕਰਨ ਦੇ 7 ਮਹੀਨੇ ਬਾਅਦ ਅੱਜ ਗ੍ਰਹਿ ਦੀ ਸਤਹਿ ਤੇ ਉਤਰੀ। ਨਾਸਾ ਦੀ ਕੈਲੀਫੋਰਨੀਆ ਸਥਿਤ ਜੈਟ ਪ੍ਰਪਲਸਨ ਲੈਬੋਰਟਰੀ ਵਿਚ ਪਰਸੇਵਰੇਂਸ ਨੂੰ ਲਾਲ ਗ੍ਰਹਿ ਦੀ ਸਤਿਹ ਤੇ ਉਤਾਰਨ ਵੇਲੇ ਲੋਕਾਂ ਦਾ ਉਤਸ਼ਾਹ ਸਿਖਰ ਤੇ ਸੀ। ਭਾਰਤੀ ਸਮੇਂ ਮੁਤਾਬਕ ਰਾਤ 2:25 ਵਜੇ ਇਸ ਮਾਰਸ ਰੋਵਰ ਨੇ ਲਾਲ ਗ੍ਰਹਿ ਦੀ ਸਤਹਿ ਤੇ ਸਫਲਤਾਪੂਵਰਕ ਲੈਂਡਿੰਗ ਕੀਤੀ। ਹੁਣ ਤੱਕ ਦੀ ਸਭ ਤੋਂ ਜੋਖਮ ਭਰੀ ਅਤੇ ਇਤਿਹਾਸਿਕ ਲੈਂਡਿੰਗ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਮੰਗਲ ਗ੍ਰਹਿ ਤੇ ਕਦੇ ਜੀਵਨ ਸੀ ਜਾਂ ਨਹੀਂ। ਮੁਹਿੰਮ ਦੇ ਤਹਿਤ ਗ੍ਰਹਿ ਤੋਂ ਚੱਟਾਨਾਂ ਦੇ ਟੁੱਕੜੇ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਇਸ ਸਵਾਲ ਦਾ ਜਵਾਬ ਲੱਭਣ ਵਿਚ ਮਹੱਤਵਪੂਰਨ ਸਾਬਤ ਹੋ ਸਕਦੇ ਹਨ।ਕੈਲੀਫੋਰਨੀਆ ਦੇ ਪਾਸਾਡੇਨਾ ਵਿਚ ਪੁਲਾੜ ਏਜੰਸੀ ਦੀ ਜੈਟ ਪ੍ਰੋਪਲਜਨ ਲੈਬੋਰਟਰੀ ਵਿਚ ਗ੍ਰਾਊਂਡ ਕੰਟਰੋਲਰ ਅਧਿਕਾਰੀਆਂ ਨੇ ਰੋਵਰ ‘ਪਰਸੇਵਰੇਂਸ’ ਦੇ ਮੰਗਲ ਗ੍ਰਹਿ ਦੀ ਸਤਹਿ ਤੇ ਉਤਰਨ ਦੀ ਪੁਸ਼ਟੀ ਤੋਂ ਬਾਅਦ ਇਸ ਇਤਿਹਾਸਿਕ ਘਟਨਾ ਤੇ ਖੁਸ਼ੀ ਜ਼ਾਹਰ ਕੀਤੀ ਅਤੇ ਰਾਹਤ ਦਾ ਸਾਹ ਲਿਆ। ਸਫਲ ਲੈਂਡਿੰਗ ਬਾਰੇ ਧਰਤੀ ਤੱਕ ਸਿਗਨਲ ਪਹੁੰਚਣ ਵਿਚ ਸਾਢੇ 11 ਮਿੰਟ ਦਾ ਸਮਾਂ ਲੱਗਾ ਅਤੇ ਇਹ ਖ਼ਬਰ ਮਿਲਦੇ ਹੀ ਤਣਾਅ ਦਾ ਮਹੌਲ ਖ਼ਤਮ ਹੋ ਗਿਆ। ਰੋਵਰ ਕੰਟਰੋਲਰ ਸਵਾਤੀ ਮੋਹਨ ਨੇ ਘੋਸ਼ਣਾ ਕੀਤੀ, ਸਤਹਿ ਤੇ ਪਹੁੰਚਣ ਦੀ ਪੁਸ਼ਟੀ ਹੋਈ। ਪਰਸੇਵਰੇਂਸ ਮੰਗਲ ਗ੍ਰਹਿ ਦੀ ਸਤਹਿ ਤੇ ਸੁਰੱਖਿਅਤ ਤਰੀਕੇ ਨਾਲ ਪਹੁੰਚ ਚੁੱਕਾ ਹੈ। ਪਿਛਲੇ ਇਕ ਹਫਤੇ ਵਿਚ ਮੰਗਲ ਲਈ ਇਹ ਤੀਜੀ ਯਾਤਰਾ ਹੈ। ਇਸ ਤੋਂ ਪਹਿਲਾਂ ਸਾਊਦੀ ਅਰਬ ਅਮੀਰਾਤ ਅਤੇ ਚੀਨ ਦੀ ਇਕ-ਇਕ ਗੱਡੀ ਵੀ ਮੰਗਲ ਨੇੜੇ ਦੇ ਪੰਧ ਵਿਚ ਦਾਖਲ ਹੋ ਚੁੱਕੀ ਹੈ।ਇਸ ਦੀ ਲੈਂਡਿੰਗ ਨਾਲ ਨਾਸਾ ਦੇ ਵਿਗਿਆਨੀਆਂ ਅਤੇ ਕਰਮਚਾਰੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਹਨਾਂ ਵਿਚੋਂ ਵਿਸ਼ੇਸ਼ ਰੂਪ ਨਾਲ ਇਕ ਭਾਰਤੀ ਮੂਲ ਦੀ ਵਿਗਿਆਨੀ ਡਾਕਟਰ ਸਵਾਤੀ ਮੋਹਨ ਲਈ ਜ਼ਿਆਦਾ ਉਤਸ਼ਾਹ ਦਾ ਪਲ ਸੀ। ਪਰਸੇਵਰੇਂਸ ਰੋਵਰ ਦੇ ਸਫਲਤਾਪੂਰਨਕ ਲੈਂਡਿੰਗ ਤੇ ਨਾਸਾ ਦੀ ਇੰਜੀਨੀਅਰ ਡਾਕਟਰ ਸਵਾਤੀ ਮੋਹਨ ਨੇ ਕਿਹਾ ਕਿ ਮੰਗਲ ਗ੍ਰਹਿ ਤੇ ਟਚਡਾਊਨ ਦੀ ਪੁਸ਼ਟੀ ਹੋ ਗਈ ਹੈ। ਹੁਣ ਇਹ ਜੀਵਨ ਦੇ ਸੰਕੇਤਾਂ ਦੀ ਤਲਾਸ਼ ਸ਼ੁਰੂ ਕਰਨ ਲਈ ਤਿਆਰ ਹੈ। ਜਦੋਂ ਸਾਰੀ ਦੁਨੀਆ ਇਸ ਇਤਿਹਾਸਿਕ ਲੈਂਡਿੰਗ ਨੂੰ ਦੇਖ ਰਹੀ ਸੀ ਉਸ ਦੌਰਾਨ ਕੰਟਰੋਲ ਰੂਮ ਵਿਚ ਬਿੰਦੀ ਲਗਾਏ ਸਵਾਤੀ ਮੋਹਨ ਜੀ.ਐਨ. ਐਂਡ ਸੀ ਸਬਸਿਸਟਮ ਅਤੇ ਪੂਰੀ ਪ੍ਰਾਜੈਕਟ ਟੀਮ ਨਾਲ ਕੌਰਡੀਨੇਟ ਕਰ ਰਹੀ ਸੀ।