ਫਾਜ਼ਿਲਕਾ, 01 ਜੂਨ :ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੈਂਪ ਆਫਿਸ ਵਿਖੇ ਕੋਵਿਡ-19 ਅਤੇ ਨੈਸ਼ਨਲ ਐਨੀਮਲ ਡਿਜੀਜ਼ ਕੰਟਰੋਲ ਪ੍ਰੋਗਰਾਮ ਤਹਿਤ 15 ਜੂਨ 2020 ਤੋਂ 31 ਜੁਲਾਈ 2020 ਤੱਕ ਪਸ਼ੂਆਂ ਵਿੱਚ ਮੂੰਹ ਦਖੁਰ ਦੀ ਵੈਕਸੀਨੇਸ਼ਨ ਦਾ ਕੰਮ ਮੁਕੰਮਲ ਕਰਨ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇਸ ਯੋਜਨਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।ਸ. ਸੰਧੂ ਨੇ ਕਿਹਾ ਕਿ ਐਨੀਮਲ ਡਿਜੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸਮਾਂਬੱਧ ਢੰਗ ਨਾਲ ਹਰੇਕ ਪਸ਼ੂ ਦੀ ਵੈਕਸੀਨੇਸ਼ਨ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਪਸ਼ੂ ਬਿਮਾਰ ਨਾ ਹੋਵੇ। ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਸੰਕਟ ਨੰੂ ਧਿਆਨ ’ਚ ਰੱਖਦਿਆ ਹਰੇਕ ਪ੍ਰਕਿਰਿਆ ਵੇਲੇ ਸਾਮਾਜਿਕ ਦੂਰੀ ਬਣਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ਪੱਧਰ ’ਤ ਪਸ਼ੂ ਪਾਲਕਾਂ ਨੂੰ ਸਰਕਾਰ ਦੇ ਇਸ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਸਰਕਾਰ ਦੇ ਪ੍ਰੋਗਰਾਮ ਨੰੂ ਸਫ਼ਲਤਾਪੂਰਵਕ ਨੇਪਰੇ ਚੜਾਉਣ ਲਈ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ ’ਤੇ ਕਮੇਟੀਆ ਗਠਿਤ ਕਰ ਦਿੱਤੀਆ ਗਈਆ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿ), ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਨਗਰ ਕੋਂਸਲ ਦੇ ਅਧਿਕਾਰੀ, ਡੀ.ਐਸ.ਪੀ. ਹੈਡਕੁਆਟਰ ਅਤੇ ਤਹਿਸੀਲ ਪੱਧਰ ’ਤੇ ਐਸ.ਡੀ.ਐਮ., ਤਹਿਸੀਲਦਾਰ, ਡੀ.ਐਸ.ਪੀ., ਬਲਾਕ ਵਿਕਾਸ ਅਫ਼ਸਰ, ਪਸ਼ੂ ਪਾਲਣ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀ ਹੋਣਗੇ ਜੋ ਕਿ ਪ੍ਰੋਗਰਾਮ ਦੌਰਾਨ ਫੀਲਡ ਸਟਾਫ ਨੂੰ ਆਉਣ ਵਾਲੀ ਮੁਸ਼ਕਲਾਂ ਦਾ ਹਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮਿਥੇ ਪ੍ਰੋਗਰਾਮ ਅਧੀਨ ਹਰੇਕ ਪਸ਼ੂ ਦੀ ਵੈਕਸੀਨੇਸ਼ਨ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਪਸ਼ੂ ਬਿਮਾਰ ਨਾ ਹੋਵੇ।
ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਰਾਕੇਸ਼ ਕੁਮਾਰ ਗਰੋਵਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 15 ਜੂਨ ਨੂੰ ਮੱਝਾਂ, ਗਾਵਾਂ, ਭੇਡ, ਬੱਕਰੀਆਂ ਅਤੇ ਸੂਰਾਂ ਵਿਚ ਮੂੰਹ ਖੁਰ ਦੀ ਬਿਮਾਰੀ ਦੀ ਵੈਕਸੀਨੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪਸ਼ੁਆਂ ਦੇ ਕੰਨਾਂ ਵਿਚ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਵੱਲੋਂ ਜਾਰੀ ਈਅਰ ਟੈਗ ਪਾਉਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਈਅਰ ਟੈਗਾਂ ’ਤੇ ਬਾਰ੍ਹਾਂ ਨੰਬਰਾਂ ਵਾਲਾ ਕੋਡ ਲੱਗਿਆ ਹੁੰਦਾ ਹੈ ਜਿਸਨੂੰ ਆਈ.ਐਨ.ਏ.ਪੀ.ਐਚ. ਪੋਰਟਲ’ਤੇ ਚੜ੍ਹਾਉਣਾ ਜ਼ਰੂਰੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਮੂੰਹ ਖੁਰ ਦੀ ਬਿਮਾਰੀ ਨਾਲ ਪਸ਼ੂ ਦੇ ਮੂੰਹ ਅਤੇ ਖੁਰਾਂ ਵਿਚਾਲੇ ਛਾਲੇ, ਬੁਖਾਰ, ਮੂੰਹ ਵਿਚੋਂ ਲਾਰਾਂ ਵਗਦੀਆਂ ਹਨ ਅਤੇ ਪਸ਼ੂ ਖਾ ਪੀ ਨਹੀਂ ਸਕਦਾ, ਜਿਸ ਨਾਲ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ, ਵੱਛੀਆਂ ਦਾ ਵਾਧਾ ਰੁਕ ਜਾਂਦਾ ਹੈ, ਗੱਭਣ ਪਸ਼ੂਆਂ ਦੇ ਬੱਚਾ ਸੁੱਟਣ ਦਾ ਡਰ ਰਹਿੰਦਾ ਹੈ ਅਤੇ ਸੂਣ ਮਗਰੋਂ ਪਸ਼ੂ ਜਾਂ ਤਾਂ ਹੇਹੇ ਵਿਚ ਆਉਂਦਾ ਹੀ ਨਹੀਂ ਜਾਂ ਫਿਰ ਬਹੁਤ ਲੇਟ ਹੇਹੇ ਵਿਚ ਆਉਂਦਾ ਹੈ ਜਿਸ ਨਾਲ ਪਸ਼ੂ ਪਾਲਕ ਦਾ ਨੁਕਸਾਨ ਹੁੰਦਾ ਹੈ।
ਇਸ ਮੌਕੇ ਸੀਨੀਅਰ ਵੈਟਨਰੀ ਅਫਸਰ ਡਾ.ਵਿਮਲ ਕੁਮਾਰ ਜੌਲੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਪਾਲ ਸਿੰਘ, ਪੁਲਿਸ ਵਿਭਾਗ ਤੋਂ ਸੰਜੀਵ ਕੁਮਾਰ ਤੋਂ ਇਲਾਵਾ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।