ਸਰੀ, 1 ਜੂਨ 2020 – ਪੰਜਾਬੀ ਮਾਰਕੀਟ ਵੈਨਕੂਵਰ ਦੀ ਪੰਜਾਬੀ ਮਾਰਕੀਟ ਨੂੰ ਸਥਾਪਿਤ ਹੋਇਆਂ ਅੱਜ 50 ਸਾਲ ਹੋ ਗਏ ਹਨ। ਮਾਰਕੀਟ ਦੇ ਬਿਜ਼ਨਸਮੈਨ ਅਤੇ ਇਸ ਮਾਰਕੀਟ ਨੂੰ ਸ਼ੁਰੂ ਕਰਨ ਵਾਲੇ ਕਾਰੋਬਾਰੀ ਗੋਲਡਨ ਜੁਬਲੀ ਜਸ਼ਨ ਨੂੰ ਵੱਡੇ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਵਿਚ ਸਨ ਪਰ ਕੋਵਿਡ-19 ਕਾਰਨ ਉਨ੍ਹਾਂ ਦੇ ਸਾਰੇ ਪ੍ਰੋਗਰਾਮ ਧਰੇ ਧਰਾਏ ਰਹਿ ਗਏ ਅਤੇ ਇਹ ਜਸ਼ਨ ਮਜ਼ਬੂਰਨ ਆਨ-ਲਾਈਨ ਮਨਾਉਣੇ ਪਏ।
ਜ਼ਿਕਰਯੋਗ ਹੈ ਕਿ ਇਸ ਮਾਰਕੀਟ ਵਿਚ ਪਹਿਲੇ ਪੰਜਾਬੀ ਬਿਜ਼ਨਸ ਨੇ ਮਈ 1970 ‘ਚ ਆਪਣੇ ਦਰਵਾਜ਼ੇ ਖੋਲ੍ਹੇ ਸਨ ਅਤੇ ਫਿਰ ਕੁਝ ਸਾਲਾਂ ਵਿਚ ਹੀ ਇਹ ਮਾਰਕੀਟ ਦੱਖਣੀ ਏਸ਼ੀਆਈ ਬਿਜ਼ਨਸ, ਸਮਾਜਿਕ ਅਤੇ ਸੱਭਿਆਚਾਰਕ ਜ਼ਿੰਦਗੀ ਦਾ ਕੇਂਦਰ ਬਿੰਦੂ ਬਣ ਗਈ।
1990 ਵਿਚ ਏਥੇ 300 ਤੋਂ ਵੱਧ ਬਿਜ਼ਨਸ ਚੱਲ ਰਹੇ ਸਨ ਅਤੇ ਉਸ ਸਮੇਂ ਇਹ ਦੱਖਣੀ ਏਸ਼ੀਆ ਤੋਂ ਬਾਹਰ ਸਭ ਤੋਂ ਵੱਡੀ ਦੱਖਣੀ ਏਸ਼ੀਆਈ ਮਾਰਕੀਟ ਬਣ ਗਈ ਸੀ। 1993 ‘ਚ ਪੰਜਾਬੀ ਭਾਸ਼ਾ ਵਿਚ ਸਾਈਨ ਲਿਖਣ ਨਾਲ ਇਸ ਦੀ ਪਛਾਣ ਹੋਰ ਗੂੜ੍ਹੀ ਹੋ ਗਈ ਅਤੇ ਇਸ ਨੂੰ ਪੰਜਾਬੀ ਸੱਭਿਆਚਾਰ ਦੇ ਖੇਤਰੀ ਕੇਂਦਰ ਵੱਲੋਂ ਰਸਮੀ ਤੌਰ ਤੇ ਮਨਜ਼ੂਰ ਕੀਤਾ ਗਿਆ। ਇਹ ਰੁਤਬਾ ਸਥਾਨਕ ਵਿਉਪਾਰੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਯਤਨਾਂ ਅਤੇ ਨਿਸ਼ਠਾ ਸਦਕਾ ਹੋਇਆ। ਇਸ ਮਾਰਕੀਟ ਨੇ ਕਈ ਸਾਲਾਂ ਤੱਕ ਦੀਵਾਲੀ ਦੇ ਜ਼ਸ਼ਨਾਂ ਅਤੇ ਵਿਸਾਖੀ ਪਰੇਡ ਦੀ ਮੇਜ਼ਬਾਨੀ ਵੀ ਕੀਤੀ।
ਅੱਜ ਇਸ ਮਾਰਕੀਟ ਦੀ 50ਵੀਂ ਵਰ੍ਹੇਗੰਢ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਬੀਸੀ ਦੇ ਪ੍ਰੀਮੀਅਰ ਜੋਹਨ ਹੌਰਗਨ, ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਅਤੇ ਹੋਰ ਕਈ ਆਗੂਆਂ ਨੇ ਪੰਜਾਬੀ ਮਾਰਕੀਟ ਦੇ ਕਾਰੋਬਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ।