ਔਕਲੈਂਡ 27 ਜੂਨ 2020 – 19 ਸਤੰਬਰ ਨੂੰ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਆ ਰਹੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਦੇ ਲਈ ਆਪਣੀ-ਆਪਣੀ ਰਣਨੀਤੀ ਬਣਾ ਰਹੀਆਂ ਹਨ। ਵੱਡੇ-ਵੱਡੇ ਸਪੀਕਰਾਂ ਦੀ ਥਾਂ ਇਥੇ ਆਪਸੀ ਮੀਟਿੰਗਾਂ ਦੇ ਵਿਚ ਸਥਾਨਕ ਉਮੀਦਵਾਰ ਆਪਣੀ ਗੱਲ ਕਹਿੰਦੇ ਹਨ ਅਤੇ ਲੋਕਾਂ ਦੀ ਸੁਣਦੇ ਹਨ। ਜਦੋਂ ਵਾਅਦੇ ਪੱਕੇ ਹੁੰਦੇ ਹਨ ਤਾਂ ਫਿਰ ਵੋਟਾਂ ਵੀ ਆਪਣੇ ਆਪ ਪੱਕੀਆਂ ਹੋ ਜਾਂਦੀਆਂ ਹਨ।
ਸੋ ਅੱਜ ਪਾਰਲੀਮੈਂਟ ਦੇ ਵਿਚ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ਅਤੇ ਇਸ ਤੋਂ ਪਹਿਲਾਂ 9 ਸਾਲ ਰਾਜ ਕਰ ਚੁੱਕੀ ਨੈਸ਼ਨਲ ਪਾਰਟੀ ਦੇ ਦੋ ਮੌਜੂਦਾ ਸੰਸਦ ਮੈਂਬਰ ਸ੍ਰੀ ਐਂਡਰੀਊ ਬੇਲੀ (ਹਲਕਾ ਹਨੂਆ) ਅਤੇ ਸ. ਕੰਵਲਜੀਤ ਸਿੰਘ ਬਖਸ਼ੀ (ਹਲਕਾ ਮੈਨੁਕਾਓ ਈਸਟ) ਨੇ ਅੱਜ ਸ. ਗੁਰਿੰਦਰ ਸਿੰਘ ਸ਼ਾਦੀਪੁਰ ਦੇ ਨਿਵਾਸ ਪੁੱਕੀਕੋਹੀ ਵਿਖੇ ਕੁਝ ਪੰਜਾਬੀ ਪ੍ਰਤੀਨਿਧਾਂ ਨਾਲ ਵਿਸ਼ੇਸ਼ ਮੀਟਿੰਗ ਹੋਈ।
ਬਖਸ਼ੀ ਨੇ ਇਸ ਮੌਕੇ ਐਂਡਰੀਊ ਨੂੰ ਪੰਜਾਬੀ ਭਾਈਚਾਰੇ ਵੱਲੋਂ ਵੱਡੀ ਸੁਪਰੋਟ ਦਾ ਵਿਸ਼ਵਾਸ਼ ਦਿਵਾਇਆ। ਮੀਟਿੰਗ ਦੇ ਵਿਚ ਸ੍ਰੀ ਐਂਡਰੀਊ ਦਾ ਫ੍ਰੈਂਕਲਿਨ ਅਤੇ ਡਰੂਰੀ ਦੀਆਂ ਬੁਨਿਆਦੀ ਸਹੂਲਤਾਂ ਨੂੰ ਅੱਪਡੇਟ ਕਰਨ, ਨਵੇਂ ਸਕੂਲ ਅਤੇ ਨਵੇਂ ਹਸਪਤਾਲ ਦੀ ਜਰੂਰਤ ਵੱਲ ਧਿਆਨ ਦਿਵਾਇਆ ਗਿਆ। ਸ੍ਰੀ ਐਂਡਰੀਊ ਨੇ ਵੀ ਗੁਰਦੁਆਰਾ ਸਾਹਿਬ ਬੰਬੇ ਹਿੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾਂ ਇਸ ਇਲਾਕੇ ਦੇ ਵਿਚ ਵਸਦੇ ਪੰਜਾਬੀਆਂ ਤੋਂ ਵੱਡਾ ਸਹਿਯੋਗ ਮਿਲਿਆ ਹੈ ਅਤੇ ਉਹ ਵੀ ਜਿੰਨਾ ਵੱਧ ਤੋਂ ਵੱਧ ਪੰਜਾਬੀ ਕਮਿਊਨਿਟੀ ਲਈ ਕਰ ਸਕਣਗੇ, ਜਰੂਰ ਕਰਨਗੇ। ਆਉਣ ਵਾਲੇ ਸਮੇਂ ਜੇਕਰ ਸਰਕਾਰ ਨੈਸ਼ਨਲ ਦੀ ਬਣਦੀ ਹੈ ਤਾਂ ਉਨ੍ਹਾਂ ਦੇ ਕੋਲ ਕਾਫੀ ਕੁਝ ਹੈ ਜੋ ਉਹ ਇਸ ਇਲਾਕੇ ਵਿਚ ਕਰਨਗੇ।
ਗੁਰਿੰਦਰ ਸਿੰਘ ਸ਼ਾਦੀਪੁਰ ਨੇ ਇਸ ਮੀਟਿੰਗ ਦੇ ਵਿਚ ਪਹੁੰਚੇ ਸਾਰੇ ਕਮਿਊਨਿਟੀ ਪ੍ਰਤੀਨਿਧਾਂ ਮੋਹਨਪਾਲ ਸਿੰਘ ਬਾਠ, ਦਾਰਾ ਸਿੰਘ, ਨਿਰਮਲ ਸਿੰਘ ਭੱਟੀ, ਪਿਆਰਾ ਲਾਲ ਰੱਤੂ, ਕੁਲਵਿੰਦਰ ਸਿੰਘ ਝੱਮਟ, ਰਵਿੰਦਰ ਸਿੰਘ ਝੱਮਟ, ਜਸਵਿੰਦਰ ਸੰਧੂ ਅਤੇ ਹੋਰ ਕਈ ਮੈਂਬਰਾਂ ਦਾ ਧੰਨਵਾਦ ਕੀਤਾ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਦੀ ਕਮੇਟੀ ਵੱਲੋਂ ਵੀ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਦੋਵਾਂ ਨੇਤਾਵਾਂ ਦੀਆਂ ਸੇਵਾਵਾਂ ਦੀ ਕਦਰ ਕਰਦੇ ਹੋਏ ਭਵਿੱਖ ਦੇ ਵਿਚ ਵੀ ਆਪਣਾ ਬਣਦਾ ਸਹਿਯੋਗ ਜਰੂਰ ਕਰਨਗੇ। ਵਰਨਣਯੋਗ ਹੈ ਕਿ ਐਂਡਰੀਊ ਬੇਲੀ ਗੁਰਦੁਆਰਾ ਸਾਹਿਬ ਬੰਬੇ ਹਿੱਲ ਦੇ ਲਗਪਗ ਹਰ ਵੱਡੇ ਸਮਾਗਮ ਦੇ ਵਿਚ ਪਹੁੰਚਦੇ ਹਨ ਅਤੇ ਗੁਰਪੁਰਬਾਂ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੁੰਦੇ ਹਨ। ਨੈਸ਼ਨਲ ਪਾਰਟੀ ਦਾ ਗ੍ਰਾਫ ਵੀ ਹੁਣ ਕੁਝ ਉਪਰ ਜਾਣ ਲੱਗਿਆ ਹੈ।