ਟੀਕਾਕਰਨ ਦਾ ਪਹਿਲਾ ਗੇੜ 12 ਫਰਵਰੀ, 2021 ਤੱਕ ਹੋਵੇਗਾ ਮੁਕੰਮਲ
ਚੰਡੀਗੜ – ਅਗਲੇ ਪੜਾਅ ਵਿਚ ਸਾਰੇ ਸਰਕਾਰੀ ਵਿਭਾਗਾਂ ਦੇ ਫਰੰਟ ਲਾਈਨ ਵਾਰੀਅਰਜ਼ ਦਾ ਕੋਰੋਨਾ ਟੀਕਾਕਰਨ ਕੀਤਾ ਜਾਵੇਗਾ ਜਿਸ ਵਿਚ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਵਾਂ ਦੇ ਹੈਲਥ ਕੇਅਰ ਵਰਕਰ ਸ਼ਾਮਲ ਹਨ ਜਿਨਾਂ ਨੂੰ ਪਹਿਲੇ ਪੜਾਅ ਵਿਚ ਟੀਕੇ ਦੀ ਪਹਿਲੀ ਖੁਰਾਕ ਮਿਲ ਗਈ ਹੈ।ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 16 ਜਨਵਰੀ, 2021 ਤੋਂ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਤਕਰੀਬਨ 1,78,000 ਐਚ.ਸੀ.ਡਬਲਿਊਜ਼ (ਹੈਲਥ ਕੇਅਰ ਵਰਕਰਾਂ) ਨੂੰ ਮੁਫ਼ਤ ਟੀਕਾਕਰਨ ਦਾ ਮੌਕਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਹੁਣ ਤੱਕ ਪੰਜਾਬ ਵਿਚ 1800 ਦੇ ਕਰੀਬ ਟੀਕਾਕਰਨ ਸੈਸ਼ਨ ਆਯੋਜਿਤ ਕੀਤੇ ਗਏ ਹਨ ਜਿਸ ਵਿਚ ਤਕਰੀਬਨ 58,000 ਹੈਲਥ ਕੇਅਰ ਵਰਕਰਾਂ ਦਾ ਟੀਕਾਕਰਨ ਕੀਤਾ ਗਿਆ ਹੈ।ਸ. ਸਿੱਧੂ ਨੇ ਦੱਸਿਆ ਕਿ ਬਾਕੀ ਰਹਿੰਦੇ ਹੈਲਥ ਕੇਅਰ ਵਰਕਰਾਂ ਨੂੰ ਦੁਬਾਰਾ ਟੀਕਾਕਰਨ ਦਾ ਮੌਕਾ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਸਾਰੇ ਹੈਲਥ ਕੇਅਰ ਵਰਕਰ ਜੋ ਟੀਕਾਕਰਨ ਕਰਵਾਉਣਾ ਚਾਹੁੰਦੇ ਹਨ, 12 ਫਰਵਰੀ ਤੱਕ ਟੀਕਾਕਰਨ ਕਰਵਾ ਲੈਣ।ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ 12 ਫਰਵਰੀ ਤੋਂ ਬਾਅਦ ਹੈਲਥ ਕੇਅਰ ਵਰਕਰਾਂ ਲਈ ਟੀਕਾਕਰਨ ਦੀ ਪਹਿਲੀ ਖੁਰਾਕ ਉਪਲੱਬਧ ਨਹੀਂ ਹੋਵੇਗੀ ਅਤੇ ਦੂਜੇ ਗੇੜ ਵਿਚ ਹੈਲਥ ਕੇਅਰ ਵਰਕਰਾਂ ਨੂੰ ਟੀਕਾਕਰਨ ਦੀ ਸਿਰਫ਼ ਦੂਜੀ ਖੁਰਾਕ ਦਿੱਤੀ ਜਾਵੇਗੀ। ਇਸ ਲਈ ਬਾਕੀ ਰਹਿੰਦੇ ਸਾਰੇ ਯੋਗ ਹੈਲਥ ਕੇਅਰ ਵਰਕਰ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਜ਼ਮੀ ਤੌਰ ’ਤੇ ਟੀਕਾਕਰਨ ਕਰਵਾਉਣ। ਇਸ ਤੋਂ ਇਲਾਵਾ, ਸਾਰੇ ਵਿਭਾਗਾਂ ਦੇ ਫਰੰਟ ਲਾਈਨ ਵਰਕਰਾਂ ਦਾ ਟੀਕਾਕਰਣ ਵੀ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ ਜਿਸ ਵਿੱਚ ਪੁਲਿਸ, ਹੋਮਗਾਰਡ, ਆਫ਼ਤ ਪ੍ਰਬੰਧਨ ਵਾਲੰਟੀਅਰ, ਸਿਵਲ ਸੁਰੱਖਿਆ ਅਤੇ ਜੇਲ ਸਟਾਫ ਦੇ ਨਾਲ-ਨਾਲ ਮਿਉਂਸਪਲ ਕਮਿਸ਼ਨਾਂ ਦਾ ਸਟਾਫ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਦੇ ਮਾਲ ਕਰਮਚਾਰੀ ਸ਼ਾਮਲ ਹਨ।ਕੇਂਦਰੀ ਏਜੰਸੀਆਂ ਦੇ ਫਰੰਟ ਲਾਈਨ ਵਰਕਰਾਂ ਵਿੱਚ ਸੀ.ਆਰ.ਪੀ.ਐਫ, ਬੀ.ਐਸ.ਐਫ, ਆਈਟੀਬੀਪੀ, ਸੀਆਈਐਸਐਫ, ਐਨਡੀਆਰਐਫ ਆਦਿ ਸ਼ਾਮਲ ਹਨ।