ਲੋਕਾਂ ਵੱਲੋਂ ਟਾਇਫਾਇਡ ਜਾਂ ਮੌਸਮੀ ਬੁਖਾਰ ਨਾਲ ਪੀੜਤ ਹੋਣ ਦੀ ਗਲਤਫਹਿਮੀ ਕਾਰਨ ਵੱਧ ਰਹੀ ਹੈ ਮੌਤ ਦਰ
ਚੰਡੀਗੜ – ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਕੋਵਿਡ ਲੱਛਣ ਵਾਲੇ ਵਿਅਕਤੀਆਂ ਦੀ ਸਕਰੀਨਿੰਗ ਜੰਗੀ ਪੱਧਰ ’ਤੇ ਕਰਨ ਲਈ ਅਤੇ ਸਰਕਾਰੀ ਤੇ ਨਿੱਜੀ ਕੋਵਿਡ ਕੇਅਰ ਸੈਂਟਰਾਂ ਵਿਖੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਨਿਰੀਖਣ ਕਰਨ ਸਬੰਧੀ ਅੱਜ ਸਿਹਤ ਮੰਤਰੀ ਵਲੋਂ ਲੁਧਿਆਣਾ, ਐਸ ਏ ਐਸ ਨਗਰ, ਪਟਿਾਆਲਾ, ਬਠਿੰਡਾ, ਸੰਗਰੂਰ, ਮਾਨਸਾ, ਫਿਰੋਜ਼ਪੁਰ, ਰੋਪੜ ,ਬਰਨਾਲਾ, ਮੁਕਤਸਰ ਸਾਹਿਬ ਅਤੇ ਫਤਿਹਗੜ ਸਾਹਿਬ ਦੇ 11 ਸਿਵਲ ਸਰਜਨਾਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਜੇ ਵੀ ਲੋਕਾਂ ਨੁੰ ਇਹ ਗਲਤਫਹਿਮੀ ਹੋ ਰਹੀ ਹੈ, ਕਿ ਸ਼ਾਇਦ ਉਹ ਟਾਈਫਾਇਡ ਅਤੇ ਹੋਰ ਮੌਸਮੀ ਬੁਖਾਰ ਤੋਂ ਪੀੜਤ ਹਨ, ਪਰ ਜਦੋਂ ਉਨਾਂ ਨੂੰ ਸਾਹ ਲੈਣ ਸਬੰਧੀ ਹੋਰ ਗੰਭੀਰ ਤਕਲੀਫ ਹੁੰਦੀ ਹੈ ਅਤੇ ਜਦੋਂ ਉਹ ਹਸਪਤਾਲ ਵਿਖੇ ਪਹੁੰਚ ਕਰਦੇ ਹਨ, ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਉਹ ਕੋਵਿਡ-19 ਤੋਂ ਗੰਭੀਰ ਰੂਪ ਵਿੱਚ ਪੀੜਤ ਹਨ।ਬਲਬੀਰ ਸਿੱਧੂ ਵਲੋਂ ਇਨਾਂ ਪ੍ਰਸਥਿਤੀਆਂ ‘ਤੇ ਚਿੰਤਾ ਜਾਹਿਰ ਕਰਦਿਆਂ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਉਹ ਪਿੰਡਾਂ ਵਿੱਚ ਸਕਰੀਨਿੰਗ ਮੁਹਿੰਮ ਦੀ ਰਫਤਾਰ ਨੂੰ ਤੇਜ਼ ਕਰਨ ਕਿਉਂਕਿ ਪੰਜਾਬ ਦੇ ਦਿਹਾਤੀ ਆਬਾਦੀਆਂ ਵਿੱਚ ਕੋਵਿਡ-19 ਦੇ 27 ਫੀਸਦੀ ਮਾਮਲਿਆਂ ਦੇ ਵਿਰੁੱਧ 58 ਫੀਸਦੀ ਮੌਤਾਂ ਦਰਜ ਹੋਈਆਂ ਹਨ।ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਵਧੀ ਹੋਈ ਮੌਤ ਦਰ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਪਿੰਡਾਂ ਵਿੱਚ ਚੱਲ ਰਹੇ ਪ੍ਰਾਈਵੇਟ ਕਲੀਨਿਕ/ਆਰ ਐਮ ਪੀਜ਼ ਦੇ ਸੰਚਾਲਨ ‘ਤੇ ਸਖ਼ਤ ਨਜ਼ਰ ਰੱਖਣ ਦੀ ਲੋੜ ਹੈ। ਉਨਾਂ ਕਿਹਾ ਕਿ ਇਨਾਂ ਕਲੀਨਿਕਾਂ ਵਿੱਚ ਇਲਾਜ ਕਰਾ ਰਹੇ ਹਰ ਕੋਵਿਡ ਲੱਛਣਾਂ ਵਾਲੇ ਮਰੀਜ਼ ਦਾ ਕੋਵਿਡ ਟੈਸਟ ਯਕੀਨੀ ਤੌਰ ’ਤੇ ਕੀਤਾ ਜਾਵੇ।ਉਨਾਂ ਕਿਹਾ ਕਿ ਜੇਕਰ ਕੋਈ ਨਿੱਜੀ ਸਿਹਤ ਸੰਸਥਾ/ਕਲੀਨਿਕ ਰੋਜ਼ਾਨਾਂ ਲੱਛਣਾਂ ਵਾਲੇ ਵਿਅਕਤੀਆਂ ਦੀ ਜਾਣਕਾਰੀ ਬਾਰੇ ਸੂਚਿਤ ਨਹੀਂ ਕਰਦੀ ਤਾਂ ਉਨਾਂ ਖਿਲਾਫ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਲਈ ਐਪੀਡੈਮਿਕ ਡਜ਼ੀਜ਼ਸ ਐਕਟ ਤਹਿਤ ਮਾਮਲੇ ਦਰਜ਼ ਕੀਤੇ ਜਾਣ।ਸ੍ਰੀ ਸਿੱਧੂ ਨੇ ਅੱਗੇ ਹਦਾਇਤ ਕਰਦਿਆਂ ਕਿਹਾ ਕਿ ਪੇਂਡੂ ਖੇਤਰਾਂ ਦੇ ਸਰਵੇਖਣ ਅਤੇ ਵੱਧ ਤੋਂ ਵੱਧ ਨਮੂਨੇ ਲੈਣ ਨੂੰ ਯਕੀਨੀ ਬਣਾਉਣ ਲਈ ਪੈਰਾ ਮੈਡੀਕਲ ਸਟਾਫ ਦੀਆਂ ਸੇਵਾਵਾਂ ਵੱਡੇ ਪੱਧਰ ਤੇ ਲਈਆਂ ਜਾਣ। ਉਹਨਾਂ ਘਰ ਵਿੱਚ ਇਕਾਂਤਵਾਸ ਵਾਲੇ ਮਰੀਜਾਂ ਨੂੰ ਸਮੇਂ ਸਿਰ ਕੋਰੋਨਾ ਫਤਹਿ ਕਿੱਟਾਂ ਮੁਹੱਈਆ ਕਰਾਉਣ ਦੀ ਲੋੜ `ਤੇ ਵੀ ਜ਼ੋਰ ਦਿੱਤਾ ਕਿਉਂਕਿ ਇਨ੍ਹਾਂ ਦੀ ਰਿਕਵਰੀ ਦੀ ਦਰ 98 ਫੀਸਦ ਤੋਂ ਵੀ ਵੱਧ ਹੈ।ਸਿਵਲ ਸਰਜਨਾਂ ਨੇ ਮੀਟਿੰਗ ਵਿੱਚ ਦੱਸਿਆ ਗਿਆ ਕਿ ਜਿ਼ਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਜਿ਼ਲ੍ਹਿਆਂ ਵਿੱਚ ਸਥਿਤ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਦੀ ਉਪਲਬਧਤਾ ਨੂੰ ਹੋਰ ਸੁਚਾਰੂ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਸਿਹਤ ਮੰਤਰੀ ਨੇ ਸਿਵਲ ਸਰਜਨਾਂ ਨੂੰ ਹਸਪਤਾਲਾਂ ਵਿੱਚ ਆਕਸੀਜਨ ਦੀ ਦੁਰਵਰਤੋਂ ਤੇ ਲੀਕੇਜ ਨੂੰ ਰੋਕਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਆਡਿਟ ਟੀਮਾਂ ਸਾਰੇ ਕੋਵਿਡ ਕੇਅਰ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕਰਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਗਤੀ ਰਿਪੋਰਟ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ ਨੂੰ ਲਾਜ਼ਮੀ ਤੌਰ ਤੇ ਭੇਜਣ।ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਘਾਟ ਦੇ ਸਬੰਧ ਵਿੱਚ ਡਾਇਰੈਕਟਰ ਸਿਹਤ ਸੇਵਾਵਾਂ ਨਾਲ ਤਾਲਮੇਲ ਕਰਨ ਤਾਂ ਜੋ ਪੈਦਾ ਹੋਈਆਂ ਸਮੱਸਿਆਵਾਂ ਦਾ ਸਮੇਂ ਸਿਰ ਅਤੇ ਤੁਰੰਤ ਹੱਲ ਕੱਢਿਆ ਜਾ ਸਕੇ।ਸਿਹਤ ਮੰਤਰੀ ਨੇ ਹਦਾਇਤ ਕੀਤੀ ਕਿ ਸਿਵਲ ਹਸਪਤਾਲਾਂ ਵਿੱਚ ਦਵਾਈਆਂ ਦੀ ਕੋਈ ਘਾਟ ਨਹੀਂ ਹੋਣੀ ਚਾਹੀਦੀ ਅਤੇ ਉਹਨਾਂ ਨੇ ਟੀਕਿਆਂ ਦੇ ਉਪਲਬਧ ਸਟਾਕ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਨੂੰ ਯਕੀਨੀ ਬਣਾਉਣ ਕਿਉਂਕਿ ਮਹਾਂਮਾਰੀ ਦੇ ਪਰਕੋਪ ਤੋਂ ਬਚਣ ਦਾ ਇਹੋ ਇਕਮਾਤਰ ਰਸਤਾ ਹੈ।ਤੇਜ਼ੀ ਨਾਲ ਵਧ ਰਹੇ ਕੋਵਿਡ -19 ਮਾਮਲਿਆਂ ਤੇ ਚਿੰਤਾ ਜਾਹਰ ਕਰਦਿਆਂ ਮੰਤਰੀ ਨੇ ਐਲ- 2 ਅਤੇ ਐਲ- 3 ਸਹੂਲਤਾਂ ਵਿਚ ਬੈਡ ਵਧਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਆਉਣ ਵਾਲੇ 15 ਦਿਨ ਪੰਜਾਬ ਲਈ ਬਹੁਤ ਮਹੱਤਵਪੂਰਨ ਹਨ ਅਤੇ ਪੰਜਾਬ ਸਰਕਾਰ ਨੇ ਇਸ ਮਾਰੂ ਵਾਇਰਸ ਤੋਂ ਕੀਮਤੀ ਜਾਨਾਂ ਬਚਾਉਣ ਲਈ ਸਾਰੇ ਸੰਭਵ ਯਤਨ ਕੀਤੇ ਹਨ ।