ਸਰੀ, 1 ਜੂਨ 2020- ਅਮਰੀਕਾ ਦੇ ਸ਼ਹਿਰ ਮਿਨੀਏਪੋਲਿਸ ਵਿਚ ਪੁਲਿਸ ਦੁਆਰਾ ਮਾਰੇ ਗਏ ਇਕ ਕਾਲੇ ਨੌਜਵਾਨ ਜਾਰਜ ਫਲਾਇਡ ਦੀ ਮੌਤ ਵਿਰੁੱਧ ਅੱਜ ਬਾਅਦ ਦੁਪਹਿਰ ਹਜ਼ਾਰਾਂ ਲੋਕਾਂ ਨੇ ਵੈਨਕੂਵਰ ਆਰਟ ਗੈਲਰੀ ਦੇ ਸਾਹਮਣੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਅਮਰੀਕਨ ਪੁਲਿਸ ਦੀ ਹਿੰਸਾ ਅਤੇ ਗੋਰਿਆਂ ਦੀ ਸਰਬਉੱਚਤਾ ਵਿਰੁੱਧ ਹੋਏ ਇਸ ਸ਼ਾਂਤਮਈ ਪ੍ਰਦਰਸ਼ਨ ਵਿਚ ਵਿਖਾਵਾਕਾਰੀਆਂ ਨੇ ਆਪਣੇ ਚਿਹਰਿਆਂ ਤੇ ਮਾਸਕ ਪਹਿਨੇ ਹੋਏ ਸਨ ਅਤੇ ਹੱਥਾਂ ਵਿਚ ਬੈਨਰ ਫੜੇ ਸਨ ਜਿਨ੍ਹਾਂ ਉਪਰ “ਬਲੈਕ ਲਾਈਵਜ ਮੈਟਰ”, “ਜਸਟਿਸ ਫਾਰ ਜੌਰਜ”, “ਬਲਿਊ ਲਾਈਵਜ਼ ਮਰਡਰ”, “ਨੋ ਜਸਟਿਸ ਨੋ ਪੀਸ” ਆਦਿ ਨਾਅਰੇ ਲਿਖੇ ਹੋਏ ਸਨ।
ਵੈਨਕੂਵਰ ਪੁਲਿਸ ਅਨੁਸਾਰ ਲਗਭਗ 3,500 ਲੋਕ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਜਿਸ ਕਾਰਨ ਪੀਟੀ ਅਤੇ ਆਸ ਪਾਸ ਦੀਆਂ ਸਾਰੀਆਂ ਗਲੀਆਂ ਵਿਚ ਆਵਾਜਾਈ ਠੱਪ ਹੋ ਗਈ।
ਵਰਨਣਯੋਗ ਹੈ ਕਿ 25 ਮਈ ਨੂੰ ਮਿਨੀਏਪੋਲਿਸ ਵਿਚ ਇਕ ਗੋਰੇ ਪੁਲਿਸ ਅਧਿਕਾਰੀ ਨੇ ਕਾਲੇ ਨੌਜਵਾਨ ਜਾਰਜ ਫਲਾਇਡ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ। ਇਸ ਘਟਨਾ ਦੇ ਵਿਰੋਧ ਵਿਚ ਅਮਰੀਕਾ ਵਿਚ ਵੀ ਵੱਖ ਵੱਖ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ ਹੋ ਰਹੇ ਹਨ।