ਸਰੀ, 1 ਜੂਨ 2020-ਵੈਨਕੂਵਰ ਵਿਚਾਰ ਮੰਚ ਦੀ ਮੀਟਿੰਗ ਸਰੀ ਵਿਖੇ ਜਰਨੈਲ ਆਰਟ ਗੈਲਰੀ ਵਿਚ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੋਰੋਨਾ ਕਾਰਨ ਬਦਲੇ ਹਾਲਾਤ ਅਨੁਸਾਰ ਮੰਚ ਦੀਆਂ ਸਰਗਰਮੀਆਂ ਚਲਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਆਪਸ ਵਿਚ ਦੋ ਮੀਟਰ ਦੂਰੀ ਦਾ ਫਾਸਲਾ ਰੱਖਿਆ ਗਿਆ।
ਵਿਚਾਰ ਚਰਚਾ ਦਾ ਆਗਾਜ਼ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਦੁਨੀਆਂ ਭਰ ਵਿਚ ਮਨੁੱਖੀ ਜ਼ਿੰਦਗੀ ਬੇਹੱਦ ਪ੍ਰਭਾਵਿਤ ਹੋਈ ਹੈ। ਆਮ ਜਨ ਜੀਵਨ, ਲੋਕਾਂ ਦੇ ਰਹਿਣ ਸਹਿਣ, ਕੰਮਕਾਜ, ਕਾਰੋਬਾਰ, ਨੌਕਰੀਆਂ, ਸੱਭਿਆਚਾਰਕ, ਸਾਹਿਤਕ ਸਰਗਰਮੀਆਂ ਨੂੰ ਅਚਾਨਕ ਬਰੇਕਾਂ ਲੱਗ ਗਈਆਂ ਸਨ। ਪਰ ਹੁਣ ਹਾਲਾਤ ਨੇ ਫਿਰ ਕਰਵਟ ਲਈ ਹੈ ਅਤੇ ਜ਼ਿੰਦਗੀ ਦੁਬਾਰਾ ਰੁਮਕਣ ਲੱਗੀ ਹੈ ਤਾਂ ਮੰਚ ਨੂੰ ਵੀ ਮੁੜ ਤੋਂ ਸਰਗਰਮ ਹੋਣਾ ਚਾਹੀਦਾ ਹੈ।
ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਕਿਹਾ ਹੈ ਕਿ ਮੰਚ ਦਾ ਮਿਸ਼ਨ ਹੀ ਸਾਹਿਤਕ ਗੋਸ਼ਟੀਆਂ ਕਰਵਾਉਣਾ, ਲੇਖਕਾਂ-ਕਲਾਕਾਰਾਂ ਨਾਲ ਮੁਲਾਕਾਤਾਂ ਕਰਨੀਆਂ ਮਿਥਿਆ ਹੋਇਆ ਹੈ ਅਤੇ ਕੋਰੋਨਾ ਕਾਰਨ ਰੁਕੇ ਇਸ ਸਿਲਸਿਲੇ ਨੂੰ ਮੌਜੂਦਾ ਹਾਲਾਤ ਅਨੁਸਾਰ ਜਾਰੀ ਰੱਖਣ ਲਈ ਵਿਉਂਤਬੰਦੀ ਕਰਨੀ ਜ਼ਰੂਰੀ ਹੋ ਗਈ ਹੈ। ਪ੍ਰਸਿੱਧ ਗ਼ਜ਼ਲਗੋ ਜਸਵਿੰਦਰ, ਕਵਿੰਦਰ ਚਾਂਦ, ਹਰਦਮ ਮਾਨ ਅਤੇ ਅੰਗਰੇਜ਼ ਬਰਾੜ ਨੇ ਕਿਹਾ ਹੈ ਕਿ ਬਦਲੇ ਹਾਲਾਤ ਅਨੁਸਾਰ ਹੁਣ ਮੰਚ ਦੀਆਂ ਗਤੀਵਿਧੀਆਂ ਨੂੰ ਵੀ ਡਿਜ਼ੀਟਲ ਕਰਨ ਦੀ ਮੁੱਖ ਲੋੜ ਹੈ ਅਤੇ ਇਹ ਕਾਰਜ “ਜ਼ੂਮ” ਜਾਂ “ਟੀਮਜ਼” ਮੀਟਿੰਗਾਂ ਰਾਹੀਂ ਕੀਤਾ ਜਾ ਸਕਦਾ ਹੈ। ਰੰਗਮੰਚ ਦੇ ਪ੍ਰਸਿੱਧ ਆਰਟਿਸਟ ਗੁਰਦੀਪ ਭੁੱਲਰ ਅਤੇ ਪਰਮਜੀਤ ਸੇਖੋਂ ਨੇ ਵੀ ਸਮੇਂ ਦੀ ਨਬਜ਼ ਪਛਾਣਦਿਆਂ ਮੰਚ ਦੇ ਪ੍ਰੋਗਰਾਮ ਆਨ-ਲਾਈਨ ਸ਼ੁਰੂ ਕਰਨ ਦਾ ਸੁਝਾਅ ਦਿੱਤਾ।
ਮੀਟਿੰਗ ਵਿਚ ਜਰਨੈਲ ਸਿੰਘ ਸੇਖਾ ਦੇ ਪੜਨਾਨਾ ਬਣਨ ਅਤੇ ਉਨ੍ਹਾਂ ਦੇ ਸਪੁੱਤਰ ਨਵਨੀਤ ਸੇਖਾ ਦੀ ਸਿਹਤ ਵਿਭਾਗ ਪੰਜਾਬ ਵਿੱਚੋਂ ਲੰਬੀ ਤੇ ਬੇਦਾਗ਼ ਸੇਵਾ ਕਰਨ ਉਪਰੰਤ ਸੇਵ-ਮੁਕਤ ਹੋਣ ਤੇ ਉਨ੍ਹਾਂ ਨੂੰ ਸਭਨਾਂ ਵੱਲੋਂ ਮੁਬਾਰਕਬਾਦ ਦਿੱਤੀ ਗਈ। ਅੰਤ ਵਿਚ ਜਰਨੈਲ ਸਿੰਘ ਸੇਖਾ ਨੇ ਸਭ ਦਾ ਧੰਨਵਾਦ ਕੀਤਾ।