ਕੈਲੀਫੋਰਨੀਆ – ਰਾਸ਼ਟਰਪਤੀ ਜੋਅ ਬਾਈਡੇਨ ਨੇ ਇੱਕ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕੀਤੇ ਹਨ ਜੋ ਕਿ ਫੌਜ ਵਿੱਚ ਸੇਵਾ ਕਰਨ ਸੰਬੰਧੀ ਟ੍ਰਾਂਸਜੈਂਡਰ ਲੋਕਾਂ’ ਤੇ ਪੈਂਟਾਗਨ ਦੁਆਰਾ ਲਗਾਈ ਪਾਬੰਦੀ ਨੂੰ ਹਟਾਉਂਦਾ ਹੈ। ਸੋਮਵਾਰ ਦੇ ਦਿਨ ਓਵਲ ਦਫ਼ਤਰ ਵਿੱਚ ਬਾਈਡੇਨ ਦੇ ਦਸਤਖਤ ਕਰਨ ਦੌਰਾਨ ਨਵੇਂ ਰੱਖਿਆ ਸੱਕਤਰ ਲੋਇਡ ਅਸਟਿਨ ਅਤੇ ਸੰਯੁਕਤ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੈ ਵੀ ਸ਼ਾਮਿਲ ਹੋਏ ਸਨ।ਇਸ ਮੌਕੇ ਰੱਖਿਆ ਸਕੱਤਰ ਨੇ ਬੋਲਦਿਆਂ ਦੱਸਿਆ ਕਿ ਉਹ ਰਾਸ਼ਟਰਪਤੀ ਦੇ ਇਸ ਨਿਰਦੇਸ਼ ਦਾ ਪੂਰਨ ਤੌਰ ‘ਤੇ ਸਮਰਥਨ ਕਰਦਾ ਹਨ, ਇਸ ਫੈਸਲੇ ਨਾਲ ਉਹ ਸਾਰੇ ਟਰਾਂਸਜੈਂਡਰ ਵਿਅਕਤੀ ਜੋ ਸੰਯੁਕਤ ਰਾਜ ਦੀ ਫੌਜ ਵਿੱਚ ਸੇਵਾ ਕਰਨਾ ਚਾਹੁੰਦੇ ਹਨ ਅਤੇ ਢੁੱਕਵੇਂ ਮਾਪਦੰਡਾਂ ਨੂੰ ਪੂਰਾ ਕਰ ਸਕਦੇ ਹਨ, ਉਹ ਕਿਸੇ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ ਹੋਣਗੇ। ਇਸ ਵਿਵਾਦਗ੍ਰਸਤ ਪਾਬੰਦੀ ਦਾ ਐਲਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2017 ਵਿੱਚ ਇੱਕ ਟਵੀਟ ਰਾਹੀਂ ਕੀਤਾ ਸੀ।ਇਸ ਪਾਬੰਦੀ ਨਾਲ ਟਰੰਪ ਨੇ ਓਬਾਮਾ ਪ੍ਰਸ਼ਾਸਨ ਦੀ ਨੀਤੀ ਨੂੰ ਉਲਟਾ ਦਿੱਤਾ ਜਿਸ ਨੇ ਟ੍ਰਾਂਸਜੈਂਡਰ ਲੋਕਾਂ ਨੂੰ ਸੈਨਾ ਵਿੱਚ ਸੇਵਾ ਦੀ ਆਗਿਆ ਦਿੱਤੀ ਸੀ।ਜੋਅ ਬਾਈਡਨ ਦੇ ਨਵੇਂ ਕਾਰਜਕਾਰੀ ਆਦੇਸ਼ ਦੇ ਤਹਿਤ, ਉਹਨਾਂ ਸਾਰੇ ਵਿਅਕਤੀਆਂ ਨੂੰ ਜੋ ਟ੍ਰਾਂਸਜੈਂਡਰ ਵਜੋਂ ਪਛਾਣ ਕੀਤੇ ਗਏ ਹਨ, ਨੂੰ ਫੌਜੀ ਸੇਵਾਵਾਂ ਦੇਣ ਦੀ ਆਗਿਆ ਹੋਵੇਗੀ। ਇਹਨਾਂ ਆਦੇਸ਼ਾਂ ਦੇ ਸੰਬੰਧ ਵਿੱਚ ਮਿਲਟਰੀ ਸੋਮਵਾਰ ਨੂੰ ਐਲਾਨੀਆਂ ਗਈਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਲਾਗੂ ਕਰਨ ਵਿੱਚ ਹੋਈ ਕਾਰਵਾਈ ਦੀ ਰਿਪੋਰਟ ਨੂੰ 60 ਦਿਨਾਂ ਵਿੱਚ ਰੱਖਿਆ ਸਕੱਤਰ ਅਸਟਿਨ ਨੂੰ ਪੇਸ਼ ਕਰੇਗੀ। ਇਸ ਸੰਬੰਧੀ ਜੋਅ ਬਾਈਡੇਨ ਨੇ ਆਪਣੀ ਰਾਸ਼ਟਰਪਤੀ ਚੋਣ ਦੀ ਮੁਹਿੰਮ ਦੌਰਾਨ ਇਸ ਪਾਬੰਦੀ ਨੂੰ ਰੱਦ ਕਰਨ ਦੇ ਹੱਕ ਵਿੱਚ ਹੋਣ ਦੀ ਗੱਲ ਕੀਤੀ ਸੀ।