ਕੈਲੀਫੋਰਨੀਆ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਦੇਸ਼ ਦੇ ਵਿਭਾਗਾਂ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤੇ ਗਏ ਉਮੀਦਵਾਰਾਂ ਦੀ ਸੈਨੇਟ ਵੱਲੋਂ ਪੁਸ਼ਟੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਕਾਰਵਾਈ ਦੇ ਤਹਿਤ ਸੋਮਵਾਰ ਸ਼ਾਮ ਨੂੰ ਸੈਨੇਟ ਨੇ ਜੈਨੇਟ ਯੇਲੇਨ ਦੀ ਖਜ਼ਾਨਾ ਸਕੱਤਰ ਵਜੋਂ ਪੁਸ਼ਟੀ ਕੀਤੀ ਹੈ। ਇਸ ਦੌਰਾਨ ਜੈਨੇਟ ਨੂੰ ਪੁਸ਼ਟੀ ਪ੍ਰਕਿਰਿਆ ਵਿੱਚ 84 -15 ਵੋਟਾਂ ਪ੍ਰਾਪਤ ਹੋਈਆਂ।ਇਸਦੇ ਇਲਾਵਾ ਇਸ ਪੁਸ਼ਟੀ ਨਾਲ ਯੇਲੇਨ 230 ਸਾਲਾਂ ਦੇ ਇਤਿਹਾਸ ਵਿੱਚ ਵਿਭਾਗ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ।ਯੇਲੇਨ ਦੀ ਪੁਸ਼ਟੀ ਦੇ ਵਿਰੁੱਧ ਸਾਰੀਆਂ 15 ਵੋਟਾਂ ਰਿਪਬਲਿਕਨ ਸੰਸਦ ਮੈਂਬਰਾਂ ਦੁਆਰਾ ਪਾਈਆਂ ਗਈਆਂ ਹਨ ,ਜਿਹਨਾਂ ਵਿੱਚ ਨਾਰਥ ਡਕੋਟਾ ਦੇ ਰਿਪਬਲਿਕਨ ਸੈਨੇਟਰ ਕੇਵਿਨ ਕਰੈਮਰ ਵੀ ਸ਼ਾਮਿਲ ਹਨ। ਰਾਜਨੀਤਕ ਮਾਹਿਰਾਂ ਅਨੁਸਾਰ ਯੇਲੇਨ ਇਸ ਅਹੁਦੇ ਲਈ ਪੂਰੀ ਤਰ੍ਹਾਂ ਢੁਕਵੀਂ ਉਮੀਦਵਾਰ ਹੈ ਜੋ ਕਿ ਸੰਯੁਕਤ ਰਾਜ ਨੂੰ ਕੋਰੋਨਾਂ ਵਾਇਰਸ ਮਹਾਂਮਾਰੀ ਤੋਂ ਪੈਦਾ ਹੋਏ ਆਰਥਿਕ ਸੰਕਟ ਵਿਚੋਂ ਬਾਹਰ ਕੱਢਣ ਵਿੱਚ ਸਹਾਇਤਾ ਕਰੇਗੀ।ਖਜ਼ਾਨਾ ਵਿਭਾਗ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣਨ ਤੋਂ ਪਹਿਲਾਂ, ਯੇਲੇਨ ਫੈਡਰਲ ਰਿਜ਼ਰਵ ਬੋਰਡ ਦੀ ਚੇਅਰ ਪਰਸਨ ਵਜੋਂ ਸੇਵਾ ਕਰਨ ਵਾਲੀ ਪਹਿਲੀ ਔਰਤ ਵੀ ਸੀ।ਯੇਲੇਨ ਰਾਸ਼ਟਰਪਤੀ ਬਾਈਡੇਨ ਦੀ ਕੈਬਨਿਟ ਦੀ ਤੀਜੀ ਮੈਂਬਰ ਹੈ ਜਿਸਦੀ ਸੈਨੇਟ ਦੁਆਰਾ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਐਵਰਲ ਹੈਨੀਜ਼ ਅਤੇ ਰੱਖਿਆ ਸਕੱਤਰ ਸੇਵਾਮੁਕਤ ਜਨਰਲ ਲੌਇਡ ਅਸਟਿਨ ਤੋਂ ਬਾਅਦ ਪੁਸ਼ਟੀ ਕੀਤੀ ਗਈ ਹੈ।