ਫਰੀਦਕੋਟ, 24 ਜੂਨ – ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਵੱਲੋਂ ਸਥਾਨਿਕ ਡਾ: ਅੰਬੇਦਕਰ ਭਵਨ ਦਾ ਦੌਰਾ ਕਰਕੇ ਉਨ੍ਹਾਂ ਭਵਨ ਵਿੱਚ ਸਥਿਤ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਅਤੇ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਤੇ ਵਿਤ ਕਾਰਪੋਰੇਸ਼ਨ (ਬੈਂਕਫਿੰਕੋ) ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੇ ਵਿਭਾਗਾਂ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ/ਕਰਜ਼ਾ ਸਕੀਮ ਦਾ ਜਾਇਜਾ ਲੈਣ ਉਪਰੰਤ ਰੀਵਿਊ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਨੇ ਅਧਿਕਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਇਹ ਵਿਭਾਗ ਸਮਾਜ ਦੇ ਅਤਿ ਕਮਜ਼ੋਰ ਵਰਗਾਂ ਨਾਲ ਸਿੱਧਾ ਸਬੰਧ ਰੱਖਦੇ ਹੋਣ ਕਾਰਨ ਉਹਨਾਂ ਦੀ ਭਲਾਈ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਉਹਨਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਆਪਣੇ ਵਿਭਾਗ ਦੀ ਕਿਸੇ ਵੀ ਮੁਸ਼ਕਲ ਸਬੰਧੀ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਇਸ ਸਬੰਧੀ ਸਰਕਾਰ ਨਾਲ ਤਾਲਮੇਲ ਕਰਕੇ ਲੋਕ ਭਲਾਈ ਸੇਵਾਵਾਂ ਨੂੰ ਹੋਰ ਬਿਹਤਰ ਕੀਤਾ ਜਾ ਸਕੇ।
ਗੁਰਮੀਤ ਸਿੰਘ ਬਰਾੜ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੇ ਵਿਭਾਗ ਨਾਲ ਸਬੰਧਿਤ ਅਸ਼ੀਰਵਾਦ ਸਕੀਮ, ਅੰਤਰਜਾਤੀ ਵਿਆਹ ਸਕੀਮ, ਪੋਸਟ ਮੈਟ੍ਰਿਕ ਸਕਾਲਰਸ਼ਿਪ, ਪ੍ਰੀ ਮੈਟ੍ਰਿਕ ਸਕਾਲਰਸ਼ਿਪ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਤੇ ਹੋਰ ਸਕੀਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਵਿਭਾਗ ਦੇ ਜਿਲ੍ਹਾ ਦਫਤਰ ਦੀ ਕਾਰਜਕਾਰੀ ਬਾਰੇ ਦੱਸਿਆ।
ਇਸ ਮੌਕੇ ਸ੍ਰੀ ਕਰਮਜੀਤ ਸਿੰਘ ਬੈਂਕਫਿੰਕੋ ਦੇ ਜਿਲ੍ਹਾ ਫੀਲਡ ਅਫਸਰ ਵੱਲੋਂ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ, ਐਨ.ਐਮ.ਡੀ ਅਤੇ ਡੀ.ਐਲ.ਐਸ ਦੇ ਟੀਚਿਆਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ। ਅਨੁਸੂਚਿਤ ਜਾਤੀਆਂ ਕਾਰਪੋਰੇਸ਼ਨ ਦੀ ਜਿਲ੍ਹਾ ਮੈਨੇਜਰ ਸ੍ਰੀਮਤੀ ਦਲਜੀਤ ਕੌਰ ਨੇ ਆਪਣੇ ਵਿਭਾਗ ਦੀਆਂ ਸਕੀਮਾਂ ਜਿਵੇਂ ਕਿ ਸਿੱਧਾ ਕਰਜ਼ਾ ਸਕੀਮ ਐਨ.ਐਸ.ਕੇ ਤੇ ਐਨ.ਐਸ.ਐਫ.ਡੀ.ਸੀ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਬਲਵਿੰਦਰ ਸਿੰਘ ਸੀਨੀ. ਸਹਾਇਕ, ਲੋਕ ਸੰਪਰਕ ਵਿਭਾਗ ਦੇ ਤਰਸੇਮ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।