ਅੰਮ੍ਰਿਤਸਰ – ਇੰਡੀਅਨ ਯੂਥ ਸਪੋਰਟਸ ਕਲੱਬ ਦਿੱਲੀ ਦੇ ਨੌਜੁਆਨ ਦੌੜਾਕ ਸ੍ਰੀ ਮਨੋਜ ਕੁਮਾਰ ਨੂੰ ਅਟਾਰੀ ਸਰਹੱਦ ਤੋਂ ਦਿੱਲੀ ਤੱਕ ਨਸ਼ਾ ਮੁਕਤ ਭਾਰਤ ਦਾ ਸੁਨੇਹਾ ਦੇਣ ਲਈ ਲਗਾਈ ਜਾ ਰਹੀ ਦੌੜ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਮਨੋਜ ਕੁਮਾਰ ਵੱਲੋਂ ਦੌੜ ਦੀ ਆਰੰਭਤਾ ਅੱਜ ਅਟਾਰੀ ਤੋਂ ਕੀਤੀ ਗਈ ਹੈ, ਜਿਸ ਦੀ ਸਮਾਪਤੀ 6 ਫ਼ਰਵਰੀ ਨੂੰ ਇੰਡੀਆ ਗੇਟ ਦਿੱਲੀ ਵਿਖੇ ਹੋਵੇਗੀ। ਉਸ ਵੱਲੋਂ ਰੋਜ਼ਾਨਾ 60 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਣ ਮੌਕੇ ਓਲੰਪੀਅਨ ਸ. ਹਰਚਰਨ ਸਿੰਘ ਬ੍ਰਗੇਡੀਅਰ ਨੇ ਨੌਜੁਆਨ ਦੌੜਾਕ ਸ੍ਰੀ ਮਨੋਜ ਕੁਮਾਰ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਹ ਆਪਣੀ ਮਿਸ਼ਨ ਵਿਚ ਜ਼ਰੂਰ ਸਫ਼ਲ ਹੋਣਗੇ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਹਾਕੀ ਅਕੈਡਮੀ ਨੂੰ ਹਾਕੀ ਇੰਡੀਆ ਵੱਲੋਂ ਮਾਨਤਾ ਮਿਲਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਲਿਜਾਣ ਲਈ ਚੰਗਾ ਕਾਰਜ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਨੌਜੁਆਨੀ ਅੰਦਰ ਜਿਥੇ ਆਪਣੇ ਧਾਰਮਿਕ ਫ਼ਰਜ਼ਾਂ ਪ੍ਰਤੀ ਚੇਤੰਨਤਾ ਪੈਦਾ ਹੋ ਰਹੀ ਹੈ, ਉਥੇ ਹੀ ਸਮਾਜਿਕ ਬੁਰਾਈਆਂ ਖਿਲਾਫ਼ ਵੀ ਲਹਿਰ ਬਣੀ ਹੋਈ ਹੈ। ਇਸ ਮੌਕੇ ਦੌੜਾਕ ਸ੍ਰੀ ਮਨੋਜ ਕੁਮਾਰ ਨੇ ਕਿਹਾ ਕਿ ਅਟਾਰੀ ਸਰਹੱਦ ਤੋਂ ਦਿੱਲੀ ਤੱਕ ਦੌੜ ਲਗਾਉਣ ਦਾ ਮੰਤਵ ਨੌਜੁਆਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਣਾ ਦੇਣਾ ਹੈ। ਉਨ੍ਹਾਂ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਉਹ ਖੇਡਾਂ ਨਾਲ ਜੁੜਨ ਅਤੇ ਸਮਾਜਿਕ ਕੁਰੀਤੀਆਂ ਖਿਲਾਫ਼ ਅਵਾਜ਼ ਬੁਲੰਦ ਕਰਦੇ ਰਹਿਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਹਾਕੀ ਕੋਚ ਸ. ਸੁਰਜੀਤ ਸਿੰਘ, ਸ. ਬਖ਼ਸ਼ੀਸ ਸਿੰਘ, ਸ. ਗੁਰਮੀਤ ਸਿੰਘ, ਸੂਚਨਾ ਅਧਿਕਾਰੀ ਸ. ਹਰਿੰਦਰ ਸਿੰਘ, ਸ. ਸਰਬਜੀਤ ਸਿੰਘ ਆਦਿ ਮੌਜੂਦ ਸਨ।