ਬਠਿੰਡਾ, 23 ਜੂਨ 2020 – l ਮਿਸ਼ਨ ਫਤਿਹ ਨਾਲ ਜੁੜਨ ਵਾਲੇ ਲੋਕਾਂ ਦੀ ਰੈਂਕਿੰਗ ਵਿੱਚ ਬਠਿੰਡਾ ਜ਼ਿਲ੍ਹੇ ਦਾ ਇਸ ਸਮੇਂ ਸੂਬੇ ਭਰ ‘ਚ ਛੇਵਾਂ ਸਥਾਨ ਹੈ ਅਤੇ ਲਗਾਤਾਰ ਲੋਕ ਇਸ ਮਿਸ਼ਨ ਨਾਲ ਜੁੜ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਿਸ਼ਨ ਫਤਿਹ ਨਾਲ ਕੋਵਾ ਐਪ ਰਾਹੀਂ ਜੁੜਿਆ ਜਾ ਸਕਦਾ ਹੈ। ਕੋਵਾ ਐਪ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਐਪ ‘ਤੇ ਕੋਵਿਡ 19 ਬਿਮਾਰੀ ਨਾਲ ਸਬੰਧਤ ਹਰ ਜਾਣਕਾਰੀ, ਇਸ ਵਿਸੇ ਨਾਲ ਸਬੰਧਤ ਸਰਕਾਰੀ ਸੇਵਾਵਾਂ, ਡਾਕਟਰੀ ਸਹਾਇਤਾ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਇਸ ਐਪ ਰਾਹੀਂ ਸਬੰਧਤ ਵਿਅਕਤੀ ਇਹ ਵੀ ਜਾਣ ਸਕਦਾ ਹੈ ਕਿ ਉਸਤੋਂ ਨੇੜੇ ਦਾ ਕੋਰੋਨਾ ਮਰੀਜ਼ ਕਿੰਨੀ ਦੂਰ ਹੈ ਅਤੇ ਨੇੜੇ ਦਾ ਹਾਟਸਪਾਟ ਕਿੱਥੇ ਹੈ। ਉਨ੍ਹਾਂ ਨੇ ਕਿਹਾ ਕਿ ਕੋਵਾ ਐਪ ਸਾਡਾ ਕੋਵਿਡ 19 ਬਿਮਾਰੀ ਖਿਲਾਫ ਮੁੱਖ ਹਥਿਆਰ ਹੈ। ਇਸ ਨਾਲ ਕੋਵਿਡ ਮਰੀਜਾਂ ਦੇ ਸੰਪਰਕਾਂ ਦਾ ਪਤਾ ਲਗਾਉਣ ਵਿਚ ਵੀ ਸਹਾਇਤਾ ਮਿਲਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਫਤਿਹ ਨੂੰ ਇਸ ਐਪ ਰਾਹੀਂ ਪਿਛਲੇ 5 ਦਿਨਾਂ ਵਿਚ ਜ਼ਿਲ੍ਹੇ ਵਿਚ 1945 ਲੋਕ ਜੁਆਇਨ ਕਰ ਚੁੱਕੇ ਹਨ। ਇਨ੍ਹਾਂ ਨੇ ਆਪਣੀਆਂ 649 ਤਸਵੀਰਾਂ ਵੀ ਅਪਲੋਡ ਕੀਤੀਆਂ ਹਨ ਅਤੇ ਹੁਣ ਤੱਕ ਜ਼ਿਲ੍ਹੇ ਵਿਚ 5 ਮਿਸ਼ਨ ਫਤਿਹ ਯੋਧਿਆਂ ਦੀ ਚੋਣ ਹੋ ਚੁੱਕੀ ਹੈ।
ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਕੋਵਾ ਐਪ ਦੇ ਹੋਮ ਪੇਜ ਤੇ ‘ਜੁਆਇਨ ਮਿਸ਼ਨ ਫਤਿਹ’ ਟੈਬ ਤੇ ਜਾ ਕੇ ‘ਜੁਆਇਨ ਨਾਓ’ ਟੈਬ ਦਬਾਓ, ਆਪਣੇ ਵੇਰਵੇ ਦਰਜ ਕਰੋ ਅਤੇ ਮਿਸ਼ਨ ਫਤਿਹ ਜੁਆਇਨ ਕਰ ਲਵੋ। ਇੱਥੇ ਤੁਹਾਡਾ ਰੈਫਰਲ ਕੋਡ ਜਨਰੇਟ ਹੋਵੇਗਾ ਉਹ ਕੋਡ ਦੁਸਰਿਆਂ ਨੂੰ ਦੱਸ ਕੇ ਆਪਣੇ ਮਿੱਤਰਾਂ ਨੂੰ ਵੀ ਮਿਸ਼ਨ ਫਤਿਹ ਜੁਆਇਨ ਕਰਵਾਓ ਅਤੇ ਪੁਆਇੰਟ ਜਿੱਤੋ। ਜਿਆਦਾ ਪੁਆਇੰਟ ਵਾਲਿਆਂ ਨੂੰ ਮਿਸ਼ਨ ਫਤਿਹ ਯੋਧਾ ਐਲਾਣਿਆ ਜਾਵੇਗਾ। ਹਰ ਰੋਜ ਪੰਜਾਬ ਵਿਚ 25 ਮਿਸ਼ਨ ਯੋਧੇ ਚੁਣੇ ਜਾਂਦੇ ਹਨ। ਜਦ ਕਿ ਹਰ ਹਫ਼ਤੇ 50 ਮਿਸਨ ਯੋਧੇ ਹੋਰ ਚੁਣੇ ਜਾਂਦੇ ਹਨ ਜਿਨ੍ਹਾਂ ਨੂੰ ਸਿਲਵਰ ਸਰਟੀਫਿਕੇਟ ਮਿਲੇਗਾ ਅਤੇ ਮਹੀਨੇ ਦੇ ਅਖੀਰ ਤੇ 100 ਮਿਸ਼ਨ ਯੋਧੇ ਸਭ ਤੋਂ ਵੱਧ ਅੰਕ ਵਾਲੇ ਲੋਕਾਂ ਨੂੰ ਗੋਡਲਨ ਸਰਟੀਫਿਕੇਟ ਵੀ ਮਿਲੇਗਾ। ਸਭ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ ਮਿਸ਼ਨ ਫਤਿਹ ਯੋਧਿਆਂ ਨੂੰ ਟੀ-ਸਰਟਾਂ ਵੀ ਭੇਂਟ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਫਤਿਹ ਜਨ ਜਾਗਰੂਕਤਾ ਦੀ ਮੁਹਿੰਮ ਹੈ ਅਤੇ ਇਸ ਬਿਮਾਰੀ ਤੋਂ ਸੁਚੇਤ ਹੋ ਕੇ ਹੀ ਬਚ ਸਕਦੇ ਹਾਂ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਜੁੜਨ।