ਕਰਨਾਟਕ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਸੀ ਤੇ ਤਿੰਨ ਕੇਂਦਰੀ ਖੇਤੀ ਕਾਨੂੰਨ ਕਿਸਾਨਾਂ ਦੀ ਆਮਦਨ ’ਚ ਵਾਧੇ ਨੂੰ ਯਕੀਨੀ ਬਣਾਉਣਗੇ।ਸ਼ਾਹ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਸੱਤਾ ’ਚ ਹੈ ਨਾ ਸਿਰਫ਼ ਖੇਤੀ ਸੈਕਟਰ ਲਈ ਬਜਟ ਵਧਿਆ ਬਲਕਿ ਵੱਖ ਵੱਖ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵੀ ਵਾਧਾ ਹੋਇਆ ਹੈ। ਸ਼ਾਹ ਇਥੇ ਬਾਗਲਕੋਟ ਜ਼ਿਲ੍ਹੇ ਦੇ ਕੇਰਾਕਾਲਮੱਟੀ ਪਿੰਡ ’ਚ ਕਿਸਾਨਾਂ ਲਈ ਵੱਖ ਵੱਖ ਪ੍ਰਾਜੈਕਟਾਂ ਦੇ ਉਦਘਾਟਨ ਤੇ ਨੀਂਹ ਪੱਥਰ ਸਮਾਗਮਾਂ ਮਗਰੋਂ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਇਸ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾੲ ਪ੍ਰੋਗਰਾਮਾਂ ਦਾ ਵੀ ਜ਼ਿਕਰ ਕੀਤਾ।ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤੇ ਪੀਐੱਮ ਕਿਸਾਨ ਯੋਜਨਾ ਨੂੰ ਸੂਬੇ ’ਚ ਲਾਗੂ ਨਾ ਹੋਣ ਦੇਣ ਲਈ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਸ਼ਾਹ ਨੇ ਕਿਹਾ, ‘ਨਰਿੰਦਰ ਮੋਦੀ ਸਰਕਾਰ ਕਿਸਾਨਾਂ ਨੂੰ ਸਮਰਪਿਤ ਸਰਕਾਰ ਹੈ। ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਕਾਨੂੰਨ ਪਾਸ ਕਰਨ ਲਈ ਮੈਂ ਯੇਦੀਯੁਰੱਪਾ ਨੂੰ ਵਧਾਈ ਦੇਵਾਂਗਾ। ਇਨ੍ਹਾਂ (ਕਾਨੂੰਨਾਂ) ਕਰਕੇ ਕਿਸਾਨਾਂ ਦੀ ਆਮਦਨ ਕਈ ਗੁਣਾਂ ਵਧ ਜਾਵੇਗੀ।’