ਬ੍ਰਿਸਬਨ – ਬ੍ਰਿਸਬਨ ’ਚ ਖੇਡੇ ਜਾ ਰਹੇ ਲੜੀ ਦੇ ਚੌਥੇ ਤੇ ਆਖਰੀ ਟੈਸਟ ਮੈਚ ਵਿੱਚ ਭਾਰਤ ਨੇ ਅੱਜ ਮੇਜ਼ਬਾਨ ਆਸਟਰੇਲੀਆ ਦੀ ਦੂਜੀ ਪਾਰੀ 294 ਦੌੜਾਂ ’ਤੇ ਸਮੇਟ ਦਿੱਤੀ ਹੈ। ਪਹਿਲੀ ਪਾਰੀ ’ਚ ਮਿਲੀ 33 ਦੌੜਾਂ ਦੀ ਲੀਡ ਬਦੌਲਤ ਨੇ ਆਸਟਰੇਲੀਆ ਨੇ ਭਾਰਤ ਨੂੰ ਮੈਚ ਜਿੱਤਣ ਲਈ 328 ਦੌੜਾਂ ਦਾ ਟੀਚਾ ਦਿੱਤਾ ਹੈ। ਆਸਟਰੇਲੀਆ ਦੀ ਦੂਜੀ ਪਾਰੀ ਸਮੇਟਣ ਵਿੱਚ ਗੇਂਦਬਾਜ਼ ਮੁਹੰਮਦ ਸਿਰਾਜ ਤੇ ਸ਼ਰਦੁਲ ਠਾਕੁਰ ਦਾ ਅਹਿਮ ਯੋਗਦਾਨ ਰਿਹਾ। ਸਿਰਾਜ ਨੇ 73 ਦੌੜਾਂ ਬਦਲੇ ਪੰਜ ਜਦੋਂਕਿ ਠਾਕੁਰ ਨੇ 61 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਕ ਵਿਕਟ ਵਾਸ਼ਿੰਗਟਨ ਸੁੰਦਰ ਦੇ ਖਾਤੇ ’ਚ ਪਈ। ਆਸਟਰੇਲੀਆ ਲਈ ਸਟੀਵ ਸਮਿੱਥ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ। ਮੀਂਹ ਕਰਕੇ ਖੇਡ ਰੁਕਣ ਮੌਕੇ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਚਾਰ ਦੌੜਾਂ ਬਣਾ ਲਈਆਂ ਸਨ। ਆਸਟਰੇਲੀਆ ਤੇ ਭਾਰਤ ਨੇ ਆਪਣੀਆਂ ਪਹਿਲੀਆਂ ਪਾਰੀਆਂ ’ਚ ਕ੍ਰਮਵਾਰ 369 ਤੇ 336 ਦੌੜਾਂ ਬਣਾਈਆਂ ਸਨ। ਦੋਵੇਂ ਟੀਮਾਂ ਚਾਰ ਟੈਸਟ ਮੈਚਾਂ ਦੀ ਲੜੀ ’ਚ 1-1 ਨਾਲ ਬਰਾਬਰ ਹਨ। ਸਿਡਨੀ ’ਚ ਖੇਡਿਆ ਤੀਜਾ ਟੈਸਟ ਡਰਾਅ ਰਿਹਾ ਸੀ।