ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਅਤੇ ਲਾਗੂ ਕੀਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਮਖੂ – ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵਾਈ ’ਚ ਨੈਸ਼ਨਲ ਹਾਈਵੇ 54 ’ਤੇ ਨਜਦੀਕ ਰੇਲਵੇ ਫਾਟਕ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਤੇ ਕਿਸਾਨ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ। ਇਸ ਮੌਕੇ ਕਿਸਾਨਾਂ ਵੱਲੋਂ ਮੋੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਲਤਾ ਫੂਕਣ ਅਤੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਮਾਰਨ ’ਤੇ ਤੁਲੀ ਹੋਈ ਹੈ। ਕਿਸਾਨਾਂ ’ਤੇ ਕਿਸਾਨ ਵਿਰੋਧੀ ਕਾਨੂੰਨ ਜਬਰਦਸਤੀ ਲਾਗੂ ਕੀਤੇ ਜਾ ਰਹੇ ਹਨ। ਜਿਸ ਨੂੰ ਕਿਸਾਨ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਣਗੇ। ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਅਗਲੇ ਹੁਕਮਾਂ ਤੱਕ ਖੇਤੀ ਕਾਨੂੰਨਾਂ ਦੇ ਅਮਲ ’ਤੇ ਰੋਕ ਲਗਾਏ ਫੈਸਲੇ ਦਾ ਸਵਾਗਤ ਕਰਦੇ ਹਾਂ, ਪਰ ਸੁਪਰੀਮ ਕੋਰਟ ਵੱਲੋ ਬਣਾਈ 4 ਮੈਂਬਰੀ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਵਾਗੇ। ਕਿਉਂਕਿ ਇਹ ਕਮੇਟੀ ਸਰਕਾਰ ਸਮਰਥਕ ਕਮੇਟੀ ਹੈ। ਕਿਸਾਨਾਂ ਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਘੱਟ ਕੁਝ ਮਨਜੂਰ ਨਹੀਂ। ਜਦ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨੋਂ ਕਾਨੂੰਨ ਵਾਪਸ ਨਹੀਂ ਲੈਦੀ ਕਿਸਾਨ ਉਸ ਵਕਤ ਤੱਕ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਜਸਵੰਤ ਸਿੰਘ ਗੱਟਾ ਸਕੱਤਰ ਪੰਜਾਬ, ਚਾਨਣ ਸਿੰਘ ਮਲੰਗਸ਼ਾਹਵਾਲਾ ਮੈਂਬਰ ਪੰਜਾਬ, ਰਛਪਾਲ ਸਿੰਘ ਸੰਧੂ ਪ੍ਰੈਸ ਸਕੱਤਰ ਪੰਜਾਬ, ਇਕਬਾਲ ਸਿੰਘ ਜੋਗੇਵਾਲਾ, ਜਰਨੈਲ ਸਿੰਘ ਕਨੇਡੀਅਨ, ਰਣਜੀਤ ਸਿੰਘ ਰਾਣਾ ਬਾਹਰਵਾਲੀ, ਜਸਵੰਤ ਸਿੰਘ ਕੁਤਬਪੁਰ, ਹਰਦਿਆਲ ਸਿੰਘ ਖਡੂਰ, ਮਹਿੰਗਾ ਸਿੰਘ, ਗੁਰਨਾਮ ਸਿੰਘ, ਨਿਸ਼ਾਨ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਲਖਰੂਪ ਸਿੰਘ, ਰੇਸ਼ਮ ਸਿੰਘ ਨੰਬਰਦਾਰ, ਦਲਜੀਤ ਸਿੰਘ, ਰੰਗਾ ਸਿੰਘ, ਕਸ਼ਮੀਰ ਸਿੰਘ, ਗੁਰਬਚਨ ਸਿੰਘ, ਆੜ੍ਹਤੀਆਂ ਯੂਨੀਅਨ ਮਖੂ ਦੇ ਪ੍ਰਧਾਨ ਦਰਸ਼ਨ ਕੁਮਾਰ ਅਹੂਜਾ, ਸੈਕਟਰੀ ਸੁਰਿੰਦਰ ਅਹੂਜਾ, ਮਹਿੰਦਰ ਨਰੂਲਾ, ਮਨਮੋਹਨ ਗਰੋਵਰ, ਮਹਿੰਦਰ ਸਿੰਘ, ਮਿੰਟਾ ਗਾਂਧੀ ਆਦਿ ਹਾਜਰ ਸਨ।