ਮਖੂ – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਖੂ ਵੱਲੋਂ ਲਖਵਿੰਦਰ ਸਿੰਘ ਪੀਰਮੁਹੰਮਦ ਪ੍ਰਧਾਨ ਯੂਥ ਵਿੰਗ ਪੰਜਾਬ ਤੇ ਪ੍ਰਗਟ ਸਿੰਘ ਤਲਵੰਡੀ ਸਕੱਤਰ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਭਗਵਾਨ ਸਿੰਘ ਗੱਟਾ, ਮਹਿਲ ਸਿੰਘ ਅਮੀਰਸ਼ਾਹ ਤੇ ਅਮਰ ਸਿੰਘ ਸ਼ੀਹਾਪਾੜੀ ਦੀ ਅਗਵਾਈ ’ਚ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ। ਇਸ ਮੌਕੇ ਬਲਾਕ ਦੇ ਆਗੂ ਵਰਕਰ ’ਤੇ ਆਮ ਲੋਕਾਂ ਨੇ ਭਰਵੀਂ ਸ਼ਮੁਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢਦਿਆਂ ਕਿਹਾ ਕਿ ਜੋ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਗਈ ਹੈ। ਉਸ ਦੇ ਦੋਂ ਮੈਂਬਰ ਪਹਿਲਾਂ ਹੀ ਦਾਗੀ ਹਨ ਅਤੇ ਉਹ ਪਹਿਲਾਂ ਸਰਕਾਰ ਵੱਲੋਂ ਨਕਲੀ ਬਣਾਈਆਂ ਯੂਨੀਅਨਾਂ ਨਾਲ ਮਿਲਕੇ ਮੰਤਰੀਆਂ ਨੂੰ ਮਿਲ ਚੁੱਕੇ ਹਨ। ਇਸ ਲਈ ਉਹ ਕਿਸਾਨਾਂ ਦੇ ਹੱਕ ਵਿੱਚ ਕਦੇ ਫੈਸਲਾ ਨਹੀਂ ਕਰਨਗੇ। ਜਿਨ੍ਹਾਂ ਚਿਰ ਮੋਦੀ ਸਰਕਾਰ ਪਾਸ ਕੀਤੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਕਿਸਾਨ ਉਨ੍ਹਾਂ ਚਿਰ ਆਪਣਾ ਸੰਘਰਸ਼ ਵਾਪਸ ਨਹੀਂ ਲੈਣਗੇ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਲੱਗਭੱਗ 80 ਦੇ ਕਰੀਬ ਕਿਸਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ। ਮੋਦੀ ਸਰਕਾਰ ਪਤਾ ਨਹੀਂ ਹੋਰ ਕਿੰਨੇ ਕਿਸਾਨਾਂ ਦੀ ਬਲੀ ਲੈਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਲੜਾਈ ਇੱਕਲੇ ਕਿਸਾਨਾਂ ਦੀ ਨਾ ਸਮਝੀ ਜਾਵੇ। ਇਹ ਲੜਾਈ ਹਰੇਕ ਵਰਗ ਦੇ ਲੋਕਾਂ ਦੀ ਹੈ। ਇਸ ਲਈ ਅਪੀਲ ਕੀਤੀ ਜਾਂਦੀ ਹੈ ਕਿ 25 ਜਨਵਰੀ ਨੂੰ ਆਪੋ ਆਪਣੇ ਟਰੈਕਟਰ, ਵਹੀਕਲ ਲੈ ਕੇ ਦਿੱਲੀ ਪਹੁੰਚੋ ਤਾਂ ਜੋ ਮੋਦੀ ਸਰਕਾਰ ਜੋ ਕਿ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਉਸ ਨੂੰ ਜਗਾਇਆ ਜਾ ਸਕੇ ਅਤੇ ਮੋਦੀ ਸਰਕਾਰ ਦੀ ਕਬਰ ’ਚ ਆਖਰੀ ਕਿੱਲ ਠੋਕਿਆ ਜਾ ਸਕੇ।