ਫਿਰੋਜ਼ਪੁਰ, 31 ਮਈ 2020 – ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਆਪਣੇ-ਆਪਣੇ ਤੌਰ ‘ਤੇ ਸੇਵਾਵਾਂ ਨਿਭਾਅ ਰਹੀਆਂ ਹਨ ਉੱਥੇ ਹੀ ਫਿਰੋਜ਼ਪੁਰ ਦੇ ਇੱਕ ਥਾਣੇ ਦਾ ਮੁਖੀ ਆਪਣੇ ਹੀ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਦਾ ਨਜ਼ਰੀਂ ਆ ਰਿਹਾ ਹੈ।
ਫਿਰੋਜ਼ਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਕੁੱਲਗੜੀ ਦਾ ਨੌਜਵਾਨ ਥਾਣਾ ਮੁਖੀ ਅਭਿਨਵ ਚੌਹਾਨ ਆਪਣੀ ਡਿਊਟੀ ਦੇ ਨਾਲ – ਨਾਲ ਲੋਕਾਂ ਵਿੱਚ ਵਿਚਰ ਕੇ ਉਹਨਾਂ ਨੂੰ ਕੋਰੋਨਾ ਤੋਂ ਜਾਗਰੂਕ ਕਰ ਰਿਹਾ ਹੈ।
ਥਾਣਾ ਮੁਖੀ ਆਪਣੇ ਸਾਥੀ ਪੁਲਿਸ ਵਾਲਿਆਂ ਦੀ ਮਦਦ ਨਾਲ ਗਰੀਬ ਲੋਕਾਂ ਦੀਆਂ ਝੁੱਗੀਆਂ ਵਿੱਚ ਜਾਂਦਾ ਹੈ ਅਤੇ ਓਹਨਾਂ ਨੂੰ ਕਦੇ ਰਾਸ਼ਨ, ਕਦੇ ਪੈਰਾਂ ਲਈ ਚੱਪਲਾਂ ਅਤੇ ਹੋਰ ਲੋੜੀਦੀਆਂ ਵਸਤੂਆਂ ਵੰਡ ਕੇ ਆਉਂਦਾ ਹੈ। ਥਾਣਾ ਮੁਖੀ ਅਭਿਨਵ ਚੌਹਾਨ ਵੱਲੋਂ ਲਗਾਏ ਜਾਂਦੇ ਨਾਕਿਆਂ ਉੱਤੇ ਵੀ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਬਿਨਾਂ ਕੰਮ ਘਰਾਂ ਚੋਂ ਨਾ ਨਿਕਲਣ ਲਈ ਪ੍ਰੇਰਿਆ ਜਾਂਦਾ ਹੈ, ਉੱਥੇ ਉਸ ਵੱਲੋਂ ਬਕਾਇਦਾ ਇਸ਼ਤਿਹਾਰ ਛਪਵਾ ਕੇ ਵੀ ਵੰਡੇ ਜਾ ਰਹੇ ਹਨ, ਜਿਨਾਂ ਵਿਚ ਕੋਰੋਨਾ ਤੋਂ ਬਚਣ ਦੀਆਂ ਹਦਾਇਤਾਂ ਲਿਖੀਆਂ ਗਈਆਂ ਹਨ।
ਲੰਘ ਰਹੇ ਲੋਕਾਂ ਨੂੰ ਰੋਕ ਕੇ ਮਾਸਕ ਵੀ ਦਿੰਦਾ ਨਜ਼ਰੀਂ ਪੈਂਦਾ ਹੈ ਇਹ ਐੱਸ.ਐੱਚ.ਓ. 24 ਘੰਟੇ ਡਿਊਟੀ ‘ਤੇ ਤਾਇਨਾਤ ਇਹ ਥਾਣਾ ਇੰਚਾਰਜ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਰਿਹਾ ਹੈ। ਲੋਕਾਂ ਵਿਚ ਵਿਚਰ ਰਹੇ ਐੱਸ ਐੱਚ ਓ ਅਭਿਨਵ ਚੌਹਾਨ ਵੱਲੋਂ ਕੀਤੇ ਜਾ ਰਹੇ ਇਹਨਾਂ ਕੰਮਾਂ ਕਰਕੇ ਉਸਦੀ ਦੀ ਚੁਫੇਰਿਓਂ ਤਰੀਫ਼ ਹੋ ਰਹੀ ਹੈ।