ਕਿਹਾ-ਸਰਬਓਤਮ ਪ੍ਰਦਰਸ਼ਨ ਕਰਨ ਵਾਲੇ ਸੀਐਸਸੀ ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਕੀਤਾ ਜਾਵੇਗਾ ਸਨਮਾਨਿਤ
ਜਲੰਧਰ – ਆਯੂਸ਼ਮਾਨ ਭਾਰਤ-ਸਰਬੱਤ ਸਹਿਤ ਬੀਮਾ ਯੋਜਨਾ ਅਧੀਨ ਰਜਿਸਟਰੇਸ਼ਨ ਅਤੇ ਈ-ਕਾਰਡ ਜਨਰੇਸ਼ਨ ਵਧਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਮੂਹ ਕਾਮਨ ਸਰਵਿਸ ਸੈਂਟਰਾਂ (ਸੀਐਸਸੀ) ਨੂੰ ਰੋਜ਼ਾਨਾ 1000 ਰਜਿਸਟਰੇਸ਼ਨਸ ਅਤੇ ਈ-ਕਾਰਡ ਬਣਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।ਜ਼ਿਲ੍ਹੇ ਭਰ ਵਿੱਚ ਸੀਐਸਸੀ ਚਲਾ ਰਹੇ ਉੱਦਮੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਬੱਤ ਸਹਿਤ ਬੀਮਾ ਯੋਜਨਾ ਲੋਕਾਂ ਨੂੰ ਖ਼ਾਸ ਕਰਕੇ ਸਮਾਜ ਦੇ ਕਮਜ਼ੋਰ ਵਰਗ ਨੂੰ ਮਜ਼ਬੂਤ ਸਮਾਜਿਕ ਸੁਰੱਖਿਆ ਪ੍ਰਣਾਲੀ ਦੇ ਲਾਭ ਨਾਲ ਸਸ਼ਕਤ ਬਣਾ ਸਕਦੀ ਹੈ। ਥੋਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਸੂਚੀਬੱਧ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦਾ ਲਾਭ ਲੈ ਸਕਦੇ ਹਨ ਅਤੇ ਇਸ ਵਿੱਚ ਸੀਐਸਸੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 200 ਦੇ ਕਰੀਬ ਸੀਐਸਸੀ ਹਨ ਅਤੇ ਇਨ੍ਹਾਂ ਵਿੱਚੋਂ ਹਰੇਕ ਦੇ ਠੋਸ ਯਤਨਾਂ ਸਦਕਾ ਰੋਜ਼ਾਨਾ ਇੱਕ ਹਜ਼ਾਰ ਰਜਿਸਟਰੇਸ਼ਨ ਅਤੇ ਈ-ਕਾਰਡ ਬਣਾਉਣ ਦਾ ਕੰਮ ਕੀਤਾ ਜਾ ਸਕਦਾ ਹੈ।ਆਪ੍ਰੇਟਰਾਂ ਨੂੰ ਪ੍ਰੇਰਿਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਬਓਤਮ ਪ੍ਰਦਰਸ਼ਨ ਕਰਨ ਵਾਲੇ ਸੀਐਸਸੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 26 ਜਨਵਰੀ, 2021 ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਆਪ੍ਰੇਟਰਾਂ ਨੂੰ ਕਿਹਾ ਕਿ ਉਹ ਇਸ ਸਕੀਮ ਅਧੀਨ ਮਿਲਣ ਵਾਲੀਆਂ ਸੇਵਾਵਾਂ ਸਬੰਧੀ ਆਪਣੇ ਸੀਐਸਸੀ ਦੇ ਬਾਹਰ ਪ੍ਰਦਰਸ਼ਤ ਕਰਨ ਤਾਂ ਜੋ ਲੋਕ ਰਾਜ ਸਰਕਾਰ ਦੀ ਇਸ ਲੋਕ ਭਲਾਈ ਯੋਜਨਾ ਦਾ ਲਾਭ ਲੈ ਸਕਣ।ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਸਬ-ਡਵੀਜ਼ਨਲ ਹਸਪਤਾਲ, ਕਾਮਨ ਸਰਵਿਸ ਸੈਂਟਰ (ਸੀਐਸਸੀ) ਅਤੇ ਜ਼ਿਲ੍ਹਾ ਹਸਪਤਾਲ ਇਸ ਸਕੀਮ ਅਧੀਨ ਰਜਿਸਟਰੇਸ਼ਨ ਅਤੇ ਈ-ਕਾਰਡ ਬਣਾਉਣ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਅਦਾਰਿਆਂ ਵਿੱਚ ਮੌਕੇ ‘ਤੇ ਰਜਿਸਟਰੇਸ਼ਨ ਅਤੇ ਈ-ਕਾਰਡ ਬਣਾਉਣ ਦੀਆਂ ਸਹੂਲਤਾਂ ਦਾ ਲਾਭ ਲੈਣ ਲਈ ਆਪਣਾ ਅਧਾਰ ਕਾਰਡ ਨਾਲ ਲੈ ਕੇ ਆਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚਲੀਆਂ ਸਮੁੱਚੀਆਂ 13 ਸਰਕਾਰੀ ਸਿਹਤ ਸੰਸਥਾਵਾਂ ਅਤੇ 57 ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ, ਜਿਥੇ ਲੋਕ ਇਸ ਸਕੀਮ ਅਧੀਨ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲਾਂ ਦੀ ਸੂਚੀ ਅਤੇ ਲਾਭਪਾਤਰੀਆਂ ਦੀ ਯੋਗਤਾ sha.punjab.gov.in ‘ਤੇ ਵੇਖੀ ਜਾ ਸਕਦੀ ਹੈ.ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਲਈ 1579 ਪੈਕੇਜ ਉਪਲੱਬਧ ਹਨ। ਇਨ੍ਹਾਂ ਵਿੱਚੋਂ 180 ਪੈਕੇਜ ਸਰਕਾਰੀ ਹਸਪਤਾਲਾਂ ਲਈ ਰਾਖਵੇਂ ਹਨ, ਜਿਨ੍ਹਾਂ ਵਿੱਚੋਂ 25 ਪੈਕੇਜ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫ਼ਰਯੋਗ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਜਿਸਟਰੇਸ਼ਨ ਅਤੇ ਕਾਰਡ ਬਣਾਉਣ ਦਾ ਕੰਮ ਵੀਡਾਲ ਹੈਲਥ ਇੰਸ਼ੋਰੈਂਸ ਟੀ.ਪੀ.ਏ. ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ‘ਤੇ ਮੋਬਾਇਲ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇਕ ਸਥਾਈ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਟਾਈਪ-1 ਸੇਵਾ ਕੇਂਦਰ ਵਿਖੇ ਲਗਾਇਆ ਗਿਆ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਮਨ ਸਰਵਿਸ ਸੈਂਟਰ ਵਿਖੇ ਰਜਿਸਟਰੇਸ਼ਨ ਅਤੇ ਈ-ਕਾਰਡ ਬਣਾਉਣ ਦੀਆਂ ਸਹੂਲਤਾਂ ਦਾ ਲਾਭ 30 ਰੁਪਏ ਦੀ ਨਾਮਾਤਰ ਫੀਸ ਭਰ ਕੇ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਜੇ-ਫਾਰਮ ਧਾਰਕ ਕਿਸਾਨਾਂ ਲਈ ਜ਼ਿਲ੍ਹੇ ਭਰ ਦੀਆਂ ਮਾਰਕੀਟ ਕਮੇਟੀਆਂ ਵਿਖੇ ਵੀ ਵਿਸ਼ੇਸ਼ ਕੈਂਪ ਲਗਾਏ ਗਏ ਹਨ।ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਐਨਐਫਐਸਏ ਰਾਸ਼ਨ ਕਾਰਡ ਧਾਰਕ ਲਾਭਪਾਤਰੀਆਂ, ਉਸਾਰੀ ਕਿਰਤੀਆਂ, ਐਸਈਸੀਸੀ ਲਾਭਪਾਤਰੀਆਂ, ਛੋਟੇ ਵਪਾਰੀਆਂ, ਯੈਲੋ ਜਾਂ ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਅਤੇ ਜੇ-ਫਾਰਮ ਧਾਰਕ ਕਿਸਾਨਾਂ ਅਤੇ ਸਮੂਹ ਪੀਐਮਜੇਏਵਾਈ ਪਰਿਵਾਰਾਂ (ਨੀਲੇ ਕਾਰਡ ਧਾਰਕ ਪਰਿਵਾਰ) ਨੂੰ ਸ਼ਾਮਲ ਕੀਤਾ ਗਿਆ ਹੈ ।ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼, ਐਸ.ਐਮ.ਓਜ਼, ਬੀ.ਡੀ.ਪੀ.ਓਜ਼ ਨੂੰ ਇਸ ਯੋਜਨਾ ਨੂੰ ਜ਼ਿਲ੍ਹੇ ਵਿਚ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ।